ਜੀਵਨ ਵਿਚ ਜਦ ਮਨੁੱਖ ਨੂੰ ਮਨ-ਮਾਫ਼ਕ ਫ਼ਲ ਪ੍ਰਾਪਤ ਨਹੀਂ ਹੁੰਦੇ ਤਾਂ ਉਹ ਦੂਜਿਆਂ ਸਿਰ ਦੋਸ਼ ਮੜ੍ਹਨ ਲੱਗਦਾ ਹੈ। ਇਹ ਵਰਤਾਰਾ ਉਸ ਦੇ ਵਿਕਾਸ ਮਾਰਗ ਵਿਚ ਅੜਿੱਕਾ ਪਾਉਣ ਵਾਲਾ ਸਿੱਧ ਹੁੰਦਾ ਹੈ। ਆਪਣੇ ਕਾਰਜਾਂ ਦੇ ਨਤੀਜੇ ਆਮ ਤੌਰ ’ਤੇ ਖ਼ੁਦ ’ਤੇ ਹੀ ਨਿਰਭਰ ਹੁੰਦੇ ਹਨ। ਸਾਧਾਰਨ ਸੱਚ ਹੈ ਕਿ ‘ਜੋ ਬੀਜਿਆ, ਉਹੀ ਕੱਟਣਾ ਪੈਣਾ ਹੈ।’ ਮਨੁੱਖ ਨੂੰ ਜਦ ਖ਼ੁਦ ਦੇ ਗਿਆਨੀ ਹੋਣ ਦਾ ਭਰਮ ਹੋ ਜਾਂਦਾ ਹੈ ਤਾਂ ਉਹ ਬਹੁ-ਆਯਾਮੀ ਜੀਵਨ ਨੂੰ ਜਾਣਨ ਦੀ ਉਤਸੁਕਤਾ ਤੋਂ ਵਿਰਵਾ ਰਹਿ ਜਾਂਦਾ ਹੈ। ਉਹ ਇਕਤਰਫ਼ਾ ਦਿ੍ਰਸ਼ਟੀਕੋਣ ਕਾਰਨ ਸੱਚ ਤੋਂ ਦੂਰ ਹੁੰਦਾ ਜਾਂਦਾ ਹੈ। ਸੰਸਾਰ ਵਿਚ ਹਰ ਪਲ ਨਵੇਂ ਤੋਂ ਨਵੇਂ ਵਿਚਾਰ ਉਤਪੰਨ ਹੋ ਰਹੇ ਹਨ। ਅੱਜ ਵੀ ਮਨੁੱਖ ਜੋ ਜਾਣਦਾ ਹੈ, ਉਹ ਅੰਤਿਮ ਸੱਚ ਹਰਗਿਜ਼ ਨਹੀਂ ਹੈ। ਮਨੁੱਖ ਚਾਹੁੰਦਾ ਹੈ ਕਿ ਜੋ ਉਸ ਦੇ ਮਨ ਵਿਚ ਹੈ, ਉਹੀ ਵਧੇ-ਫੁੱਲੇ ਅਤੇ ਸਮਾਜ ਉਸ ਨੂੰ ਸਵੀਕਾਰ ਕਰੇ। ਅਜਿਹੀ ਕਾਮਨਾ ਪਰਮ ਸੱਤਾ ਨੂੰ ਚੁਣੌਤੀ ਦੇਣ ਵਾਲੀ ਅਤੇ ਹੰਕਾਰ ਦਾ ਪ੍ਰਤੀਕ ਹੁੰਦੀ ਹੈ। ਸਮੁੱਚਾ ਸੰਸਾਰ ਪਰਮਾਤਮਾ ਦੇ ਅਧੀਨ ਹੈ। ਉਸ ਦੀ ਕਿਰਪਾ ਚਾਹੀਦੀ ਹੈ ਤਾਂ ਮਨ ਵਿਕਾਰ ਰਹਿਤ ਅਤੇ ਨਿਰਮਲ ਹੋਣਾ ਚਾਹੀਦਾ ਹੈ। ਜਦ ਮਨਭਾਉਂਦਾ ਨਹੀਂ ਹੁੰਦਾ ਤਾਂ ਸਾਡੇ ਹੰਕਾਰ ਨੂੰ ਸੱਟ ਵੱਜਦੀ ਹੈ ਅਤੇ ਕਰੋਧ ਉਤਪੰਨ ਹੁੰਦਾ ਹੈ। ਕਰੋਧ ਆਤਮ-ਵਿਨਾਸ਼ ਦਾ ਕਾਰਨ ਬਣਦਾ ਹੈ। ਇਸ ਤੋਂ ਬਚਣਾ ਹੈ ਤਾਂ ਪਰਮਾਤਮਾ ’ਤੇ ਭਰੋਸਾ ਕਰਨਾ ਹੋਵੇਗਾ। ਵੱਡੀ ਤ੍ਰਾਸਦੀ ਇਹ ਹੈ ਕਿ ਮਨੁੱਖ ਖ਼ੁਦ ਨੂੰ ਕਰਤਾ ਸਮਝ ਕੇ ਖ਼ੁਦ ਨੂੰ ਹੀ ਠੱਗੀ ਜਾਂਦਾ ਹੈ। ਇਹ ਉਸ ਨੂੰ ਆਤਮਘਾਤੀ ਬਣਾ ਦਿੰਦਾ ਹੈ। ਜਦ ਮਨੁੱਖ ਦਾ ਜੀਵਨ ਅਤੇ ਮੌਤ ਹੀ ਉਸ ਦੇ ਹੱਥ ਵਿਚ ਨਹੀਂ ਹੈ ਤਾਂ ਉਹ ਕਰਤਾ ਕਿਵੇਂ ਹੋ ਸਕਦਾ ਹੈ। ਉਸ ਦਾ ਹਰੇਕ ਸਾਹ ਪਰਮਾਤਮਾ ਦੀ ਦਇਆ-ਕਿਰਪਾ ਦਾ ਫ਼ਲ ਹੈ। ਉਸ ਦੀਆਂ ਸਾਰੀਆਂ ਪ੍ਰਾਪਤੀਆਂ ਅਤੇ ਨਾਕਾਮੀਆਂ ਵਿਚ ਵੀ ਪਰਮਾਤਮਾ ਦੀ ਹੀ ਇੱਛਾ ਸ਼ੁਮਾਰ ਹੈ। ਖ਼ੁਦ ਨੂੰ ਕਰਤਾ ਮੰਨਣਾ ਪਰਮਾਤਮਾ ਪ੍ਰਤੀ ਅਕ੍ਰਿਤਘਣ ਹੋ ਜਾਣਾ ਹੈ। ਇਹ ਉਹ ਦੁਖਦਾਈ ਅਵਸਥਾ ਹੈ ਜਿਸ ਨੂੰ ਮਨੁੱਖ ਖ਼ੁਦ ਆਪਣੇ ਲਈ ਸਿਰਜਦਾ ਹੈ। ਇਸ ਦਾ ਇਕਮਾਤਰ ਨਿਦਾਨ ਹੈ ਕਿ ਮਨੁੱਖ ਖ਼ੁਦ ਨੂੰ ਠੱਗੀ ਜਾਣ ਦੀ ਜਗ੍ਹਾ ਆਪਣਾ ਜੀਵਨ ਪਰਮਾਤਮਾ ਦੇ ਅਧੀਨ ਕਰ ਦੇਵੇ। ਜਦ ਮਨੁੱਖ ਪਰਮਾਤਮਾ ਦੀ ਸ਼ਰਨ ਵਿਚ ਚਲਾ ਜਾਂਦਾ ਹੈ ਤਾਂ ਮਨ ਹੰਕਾਰ, ਕਾਮ, ਲੋਭ, ਮੋਹ ਅਤੇ ਕਰੋਧ ਤੋਂ ਮੁਕਤ ਹੋ ਜਾਂਦਾ ਹੈ ਅਤੇ ਪਰਮਾਤਮਾ ਉਸ ਲਈ ਉਹੀ ਕਰਦਾ ਹੈ ਜਿਸ ਦਾ ਉਹ ਪਾਤਰ ਹੋਵੇ।
-ਡਾ. ਸਤਿੰਦਰਪਾਲ ਸਿੰਘ