ਹਰ ਪਲ ਬਦਲਣ ਵਾਲੀ ਇਸ ਜ਼ਿੰਦਗੀ ਵਿਚ ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹਾਂ ਅਤੇ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਦੇ ਹਾਂ। ਜੇਕਰ ਅਸੀਂ ਆਪਣੇ ਮਨ ਨੂੰ ਖੁੱਲ੍ਹਾ ਛੱਡ ਕੇ, ਇਸ ਨੂੰ ਹਰ ਦੂਜੇ ਇਨਸਾਨ ਦੇ ਬਚਨਾਂ ਅਤੇ ਕੰਮਾਂ ’ਤੇ ਟੀਕਾ-ਟਿੱਪਣੀ ਕਰਨ ਦੇਈਏ ਜੋ ਹਰ ਘਟਨਾ ਨੂੰ ਵਾਰ-ਵਾਰ ਸੁਣਾਉਂਦਾ ਹੈ ਤਾਂ ਅਸੀਂ ਇਕ ਟੇਪ-ਰਿਕਾਰਡਰ ਦੀ ਤਰ੍ਹਾਂ ਬਣ ਜਾਵਾਂਗੇ। ਸਾਡਾ ਹਰ ਸਾਹ ਬੇਸ਼ਕੀਮਤੀ ਹੈ, ਜੇਕਰ ਅਸੀਂ ਇਨ੍ਹਾਂ ਨੂੰ ਸਿਰਫ਼ ਹੋਰਾਂ ਦੀ ਬੁਰਾਈ ਕਰਨ ਵਿਚ ਹੀ ਬਤੀਤ ਕਰ ਦੇਵਾਂਗੇ ਤਾਂ ਇਹ ਜ਼ਿੰਦਗੀ ਬਰਬਾਦ ਹੋ ਜਾਵੇਗੀ। ਤਾਂ ਫਿਰ ਕਿਸ ਨੂੰ ਪਤਾ ਕਿ ਅਗਲੇ ਜਨਮ ਵਿਚ ਅਸੀਂ ਕੀ ਬਣਾਂਗੇ? ਸਾਨੂੰ ਸਿਰਫ਼ ਆਪਣੇ-ਆਪ ਦੀ ਰੂਹਾਨੀ ਤਰੱਕੀ ਨਾਲ ਮਤਲਬ ਰੱਖਣਾ ਚਾਹੀਦਾ ਹੈ। ਦੂਜੇ ਜੋ ਚਾਹੁਣ ਕਰਨ, ਜੋ ਚਾਹੁਣ ਕਹਿਣ ਪਰ ਅਸੀਂ ਆਤਮ-ਕੇਂਦ੍ਰਿਤ ਰਹੀਏ ਅਤੇ ਪ੍ਰਭੂ ਤਕ ਜਾਣ ਦੀ ਰੂਹਾਨੀ ਯਾਤਰਾ ਵੱਲ ਆਪਣਾ ਧਿਆਨ ਲਗਾਈਏ। ਪ੍ਰਭੂ ਨੇ ਸਾਨੂੰ ਹਰ ਦੂਜੇ ਇਨਸਾਨ ਦੀ ਆਲੋਚਨਾ ਕਰਨ ਦੀ ਨੌਕਰੀ ਨਹੀਂ ਦਿੱਤੀ ਹੈ। ਸਾਨੂੰ ਖ਼ੁਦ ਦੀ ਨੁਕਤਾਚੀਨੀ ਕਰਨੀ ਚਾਹੀਦੀ ਹੈ। ਜੇ ਅਸੀਂ ਆਪਣੀ ਆਲੋਚਨਾ ਓਨੀ ਤੇਜ਼ੀ ਨਾਲ ਕਰਾਂਗੇ ਜਿੰਨੀ ਤੇਜ਼ੀ ਨਾਲ ਹੋਰਾਂ ਦੀ ਕਰਦੇ ਹਾਂ ਤਾਂ ਅਸੀਂ ਦੇਖਾਂਗੇ ਕਿ ਸਾਡੇ ਵਿਚ ਕਿੰਨੀਆਂ ਕਮੀਆਂ ਹਨ ਅਤੇ ਅਸੀਂ ਉਨ੍ਹਾਂ ਕਮੀਆਂ ਨੂੰ ਠੀਕ ਕਰਨ ਲਈ ਮਿਹਨਤ ਕਰਾਂਗੇ। ਅਸੀਂ ਆਪਣੇ ਸਾਰੇ ਬੁਰੇ ਵਿਚਾਰਾਂ, ਬਚਨਾਂ ਅਤੇ ਕੰਮਾਂ ਨੂੰ ਤਿਆਗ ਕੇ ਆਪਣੇ ਅੰਦਰ ਸਦਗੁਣਾਂ ਨੂੰ ਧਾਰਨ ਕਰੀਏ। ਸਾਨੂੰ ਚਾਹੀਦਾ ਹੈ ਕਿ ਅਸੀਂ ਦੂਜਿਆਂ ਦੀਆਂ ਗ਼ਲਤੀਆਂ ਅਤੇ ਕਮੀਆਂ ਵੱਲ ਹਮਦਰਦੀ ਨਾਲ ਦੇਖੀਏ। ਮਸਲਨ ਜਦ ਇਕ ਛੋਟਾ ਬੱਚਾ ਗ਼ਲਤੀ ਕਰਦਾ ਹੈ ਤਾਂ ਅਸੀਂ ਉਸ ਦੀ ਨਿੰਦਾ ਨਹੀਂ ਕਰਦੇ। ਅਸੀਂ ਉਸ ਨੂੰ ਦਇਆ ਦੀ ਦ੍ਰਿਸ਼ਟੀ ਨਾਲ ਦੇਖਦੇ ਹਾਂ ਅਤੇ ਮਹਿਸੂਸ ਕਰਦੇ ਹਾਂ ਕਿ ਉਹ ਸਿੱਖਣ ਤੋਂ ਪਹਿਲਾਂ ਜ਼ਰੂਰ ਬਹੁਤ ਸਾਰੀਆਂ ਗ਼ਲਤੀਆਂ ਕਰੇਗਾ। ਠੀਕ ਇਸੇ ਤਰ੍ਹਾਂ ਦੂਜੇ ਵੀ ਗ਼ਲਤੀਆਂ ਕਰਨ ਤਾਂ ਅਸੀਂ ਉਨ੍ਹਾਂ ਵੱਲ ਪ੍ਰੇਮ ਅਤੇ ਹਮਦਰਦੀ ਨਾਲ ਦੇਖੀਏ। ਜੇਕਰ ਅਸੀਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਹੋਰਾਂ ਪ੍ਰਤੀ ਪ੍ਰੇਮ ਅਤੇ ਹਮਦਰਦੀ ਨੂੰ ਅਪਣਾ ਸਕੀਏ ਤਾਂ ਅਸੀਂ ਦੇਖਾਂਗੇ ਕਿ ਪ੍ਰਭੂ ਸਾਡੇ ਤੋਂ ਖ਼ੁਸ਼ ਹੋਵੇਗਾ ਅਤੇ ਵੱਧ ਤੋਂ ਵੱਧ ਆਪਣੀ ਦਇਆ-ਦ੍ਰਿਸ਼ਟੀ ਕਰੇਗਾ। ਫਿਰ ਅਸੀਂ ਆਪਣੇ ਚੁਫੇਰੇ ਲੋਕਾਂ ਲਈ ਸ਼ਾਂਤੀ ਅਤੇ ਪ੍ਰੇਮ ਦਾ ਸਰੋਤ ਬਣ ਜਾਵਾਂਗੇ ਜਿਸ ਨਾਲ ਸਾਡੀ ਉੱਨਤੀ ਤੇਜ਼ੀ ਨਾਲ ਹੋਵੇਗੀ ਅਤੇ ਸਾਡੇ ਵਿਚ ਹੋਰ ਸਾਰੇ ਸਦਗੁਣ ਚਲੇ ਆਉਣਗੇ। ਜੇਕਰ ਸਾਡੇ ’ਚੋਂ ਹਰ ਇਨਸਾਨ ਇਸ ਮਹਾਨ ਟੀਚੇ ਨੂੰ ਹਾਸਲ ਕਰ ਸਕੇ ਤਾਂ ਧਰਤੀ ਸਵਰਗ ਦੇ ਸਮਾਨ ਬਣ ਜਾਵੇਗੀ ਜਿੱਥੇ ਕੋਈ ਜੰਗ ਅਤੇ ਝਗੜੇ-ਝੇੜੇ ਨਹੀਂ ਹੋਣਗੇ।
-ਸੰਤ ਰਾਜਿੰਦਰ ਸਿੰਘ।