ਲੋਕ-ਪਰਲੋਕ ਦਾ ਆਮ ਤੌਰ ’ਤੇ ਇਹੀ ਅਰਥ ਕੱਢਿਆ ਜਾਂਦਾ ਹੈ ਕਿ ਜੀਵਨ ਵਿਚ ਜੋ ਕੁਝ ਦਿਖ ਰਿਹਾ ਹੈ, ਉਹ ਲੋਕ ਹੈ। ਜਿਵੇਂ ਘਰ-ਪਰਿਵਾਰ, ਸਮਾਜ, ਜਿਸ ਵਿਚ ਅਸੀਂ ਨਿੱਤ ਉੱਠਦੇ-ਬੈਠਦੇ, ਕੰਮ, ਸੰਵਾਦ ਆਦਿ ਕਰਦੇ ਹਾਂ। ਪਰਲੋਕ ਤੋਂ ਭਾਵ ਮੌਤ ਤੋਂ ਬਾਅਦ ਦਾ ਕੋਈ ਅਜਿਹਾ ਸੰਸਾਰ ਜਿੱਥੇ ਇਸ ਧਰਤੀ ਤੋਂ ਭਿੰਨ ਜੀਵਨ ਹੈ।
ਇਸੇ ਪਰਲੋਕ ਦਾ ਵਰਗੀਕਰਨ ਸਵਰਗ ਅਤੇ ਨਰਕ ਦੇ ਤੌਰ ’ਤੇ ਵੀ ਕੀਤਾ ਜਾਂਦਾ ਹੈ। ਆਮ ਤੌਰ ’ਤੇ ਜ਼ਿਆਦਾਤਰ ਲੋਕ ਇਸੇ ਨਜ਼ਰੀਏ ਨਾਲ ਪੂਜਾ-ਪਾਠ, ਦਾਨ-ਪੁੰਨ ਕਰਦੇ ਹਨ ਤਾਂ ਕਿ ਉਨ੍ਹਾਂ ਦਾ ਪਰਲੋਕ ਸੁਧਰ ਜਾਵੇ। ਮੌਤ ਤੋਂ ਬਾਅਦ ਜਦ ਉਹ ਉਸ ਅਦ੍ਰਿਸ਼ ਦੁਨੀਆ ਵਿਚ ਜਾਣ ਤਾਂ ਉਨ੍ਹਾਂ ਦਾ ਸਵਾਗਤ ਦੇਵ-ਮੰਡਲ ਕਰੇ ਅਤੇ ਉਨ੍ਹਾਂ ਨੂੰ ਉੱਤਮ ਸਥਾਨ ਮਿਲੇ। ਪੰਜ ਭੌਤਿਕ ਤੱਤਾਂ ਤੋਂ ਬਣਿਆ ਸਰੀਰ ਜਨਮ ਤੋਂ ਲੈ ਕੇ ਮੌਤ ਤਕ ਆਪਣੀ ਹੋਂਦ ਬਣਾਈ ਰੱਖਦਾ ਹੈ।
ਇਨ੍ਹਾਂ ਹੀ ਪੰਜ ਤੱਤਾਂ ਵਿਚ ਸਾਡੀ ਆਤਮਾ ਜੋ ਪਰਾਈ ਸ਼ਕਤੀ ਹੈ, ਜਿਸ ਨੂੰ ਦੇਖਿਆ ਨਹੀਂ, ਸਿਰਫ਼ ਮਹਿਸੂਸ ਕੀਤਾ ਜਾਂਦਾ ਹੈ, ਉਹੀ ਪਰਲੋਕ ਦਾ ਦੇਵਤਾ ਹੈ। ਇਹ ਸ਼ਕਤੀ ਸਰੀਰ ਵਿਚ ਇਕ ਊਰਜਾ ਹੈ। ਇਸ ਨੂੰ ਸਰੀਰ ਦਾ ਆਭਾ-ਮੰਡਲ ਵੀ ਕਹਿੰਦੇ ਹਨ। ਇਹ ਮਨ ਤੋਂ ਵੀ ਡੂੰਘਾ ਸਰੀਰ ਦਾ ਉਹ ਅੰਸ਼ ਹੈ ਜਿਸ ਦੇ ਨਿਕਲ ਜਾਣ ’ਤੇ ਸਰੀਰ ਲੋਥ ਵਿਚ ਤਬਦੀਲ ਹੋ ਜਾਂਦਾ ਹੈ। ਜਦੋਂ ਵੀ ਕੋਈ ਵਿਅਕਤੀ ਨੇਕ ਕੰਮ ਕਰਦਾ ਹੈ ਤਾਂ ਉਸ ਸਦਕਾ ਉਸ ਨੂੰ ਪ੍ਰਸੰਨਤਾ ਮਿਲਦੀ ਹੈ ਅਤੇ ਆਤਮਾ ਨੂੰ ਸਕੂਨ ਮਿਲਦਾ ਹੈ। ਇਸ ਦੇ ਉਲਟ ਗ਼ਲਤ ਕੰਮ ਕਰਨ ’ਤੇ ਮਨ ਡਰਦਾ ਹੈ ਅਤੇ ਆਤਮਾ ਮਰਦੀ ਹੈ। ਇਸ ਕਾਰਨ ਜਦ ਵਿਅਕਤੀ ਇਕਾਂਤ ਵਿਚ ਬੈਠਦਾ ਹੈ ਤਾਂ ਉਸ ਸ਼ਕਤੀ ਜਾਂ ਪਰਲੋਕ ਵਿਚ ਉਥਲ-ਪੁਥਲ ਹੋਣ ਲੱਗਦੀ ਹੈ।
ਜੀਵਨ ਦੀ ਸਭ ਤੋਂ ਵੱਧ ਦੁਖਦਾਈ ਹਾਲਤ ਦਾ ਨਾਮ ਅੰਦਰੋ-ਅੰਦਰੀ ਆਪਣੇ-ਆਪ ਨੂੰ ਦੋਸ਼ੀ ਸਮਝਣਾ ਹੈ। ਜਦ ਖ਼ੁਦ ਨੂੰ ਆਤਮਾ ਲਾਹਨਤਾਂ ਪਾਉਣ ਲੱਗੇ ਤਾਂ ਸਮਝਣਾ ਚਾਹੀਦਾ ਹੈ ਕਿ ਪਰਲੋਕ ਬਿਗੜ ਗਿਆ। ਗ਼ਲਤ ਕੰਮਾਂ ਦਾ ਇਕ ਅਸਰ ਘਰ-ਪਰਿਵਾਰ ’ਤੇ ਵੀ ਪੈਂਦਾ ਹੈ ਕਿ ਘਰ ਦੇ ਹੋਰ ਮੈਂਬਰ ਛਲਾਵੇ-ਧੋਖੇ ਨਾਲ ਕਮਾਈ ਵਸਤੂ, ਧਨ ਦਾ ਇਸਤੇਮਾਲ ਕਰਦੇ ਹਨ ਤਾਂ ਉਨ੍ਹਾਂ ਦੇ ਅੰਦਰ ਵੀ ਨਾਂਹ-ਪੱਖੀ ਸੋਚ ਉਪਜਣ ਲੱਗਦੀ ਹੈ।
ਇਸ ਲਈ ਜੀਵਨ ਵਿਚ ਸਦਾਚਾਰ ਦਾ ਰਸਤਾ ਅਪਣਾ ਕੇ ਹੀ ਅਹੁਦਾ, ਵੱਕਾਰ, ਪੈਸਾ ਕਮਾਉਣਾ ਚਾਹੀਦਾ ਹੈ ਤਾਂ ਕਿ ਆਤਮਾ ਰੂਪੀ ਉਸ ਸ਼ਕਤੀ ਵਿਚ ਇੰਨਾ ਤੇਜ ਰਹੇ ਕਿ ਇਨਸਾਨ ਜਿਸ ਤਰ੍ਹਾਂ ਸੋਚੇ, ਉਸ ਦੇ ਮੁਤਾਬਕ ਹੀ ਕੰਮ ਹੋਵੇ।-ਸਲਿਲ ਪਾਂਡੇ।