ਮਨੁੱਖ ਜੀਵਨ ਹੀ ਨਹੀਂ, ਬਲਕਿ ਪੂਰੀ ਕਾਇਨਾਤ ਆਪੋ-ਆਪਣੇ ਤਰੀਕੇ ਨਾਲ ਯਾਤਰਾ ਕਰ ਰਹੀ ਹੈ। ਸੂਰਜ, ਚੰਦਰਮਾ, ਧਰਤੀ, ਨਦੀਆਂ, ਪੇੜ-ਪੌਦੇ ਸਾਰੇ ਸਥਿਰ ਨਹੀਂ ਬਲਕਿ ਗਤੀਸ਼ੀਲ ਹਨ। ਯਾਤਰਾ ਦਾ ਮਤਲਬ ਹੀ ਗਤੀਮਾਨ ਅਰਥਾਤ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਹੈ। ਗਤੀਸ਼ੀਲਤਾ ਨਾ ਹੋਵੇ ਤਾਂ ਵਿਕਾਸ ਪ੍ਰਕਿਰਿਆ ਵਿਚ ਅੜਿੱਕਾ ਪੈ ਜਾਵੇਗਾ। ਜਨਮ ਲੈਣ ਤੋਂ ਬਾਅਦ ਬੱਚਾ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਪੱਧਰ ’ਤੇ ਹਰ ਪਲ ਗਤੀਸ਼ੀਲ ਰਹਿੰਦਾ ਹੈ। ਇਸ ਵਿਚ ਕਮੀ ਆ ਜਾਣ ’ਤੇ ਬੱਚੇ ਦੇ ਪਰਿਵਾਰਕ ਮੈਂਬਰ ਇਲਾਜ ਕਰਵਾਉਂਦੇ ਹਨ। ਭਾਰਤੀ ਰਿਸ਼ੀਆਂ ਨੇ ਯਾਤਰਾ ਦੇ ਮਹੱਤਵ ਨੂੰ ਬਾਖ਼ੂਬੀ ਸਮਝ ਕੇ ਇਸ ਨੂੰ ਵੀ ਉਤਸਵ ਦਾ ਰੂਪ ਦਿੱਤਾ। ਕਿਸੇ ਵੀ ਤਰ੍ਹਾਂ ਦੀ ਯਾਤਰਾ ਹੋਵੇ, ਉਹ ਸ਼ੁਭ ਅਤੇ ਹਿੱਤਕਾਰੀ ਹੋਣੀ ਚਾਹੀਦੀ ਹੈ। ਮਹਾਭਾਰਤ ਜੰਗ ਦੌਰਾਨ ਸ੍ਰੀਕ੍ਰਿਸ਼ਨ ਜਦ ਅਰਜੁਨ ਨੂੰ ਰੱਥ ’ਤੇ ਬਿਠਾ ਕੇ ਮੈਦਾਨ-ਏ-ਜੰਗ ਵਿਚ ਗਏ ਅਤੇ ਉਨ੍ਹਾਂ ਨੇ ਨੀਤੀਗਤ ਉਪਦੇਸ਼ ਦਿੱਤੇ ਤਾਂ ਉਹ ਮਨੁੱਖ ਲਈ ਆਦਰਸ਼ ਰੂਹਾਨੀ ਜੀਵਨ ਦਾ ਸੰਵਿਧਾਨ ਬਣ ਗਿਆ। ਗੀਤਾ ਦਾ ਅੰਤਿਮ ਸ਼ਲੋਕ ਹੈ ਕਿ ਜਿੱਥੇ ਸ੍ਰੀਕ੍ਰਿਸ਼ਨ ਅਤੇ ਅਰਜੁਨ ਹਨ, ਓਥੇ ਸ਼੍ਰੀ ਤੇ ਜਿੱਤ ਹੈ। ਸ੍ਰੀਕਿ੍ਰਸ਼ਨ ਵਿਵੇਕ ਅਤੇ ਅਰਜੁਨ ਕਰਮ ਦੇ ਪ੍ਰਤੀਨਿਧ ਹਨ। ਵਿਵੇਕ ਦੇ ਹੱਥ ਰੱਥ ਦੀ ਲਗਾਮ ਹੋਣੀ ਚਾਹੀਦੀ ਹੈ। ਧਾਰਮਿਕ ਰਵਾਇਤਾਂ ਤਹਿਤ ਭਗਵਾਨ ਜਗਨਨਾਥ, ਵੱਡੇ ਭਰਾ ਬਲਭੱਦਰ ਤੇ ਭੈਣ ਸੁਭੱਦਰਾ ਦੀ ਜਗਨਨਾਥ ਪੁਰੀ (ਓਡੀਸ਼ਾ) ਦੀ ਯਾਤਰਾ ਦਾ ਸੰਦੇਸ਼ ਇਹ ਵੀ ਹੈ ਕਿ ਵਰਖਾ ਰੁੱਤ ਵਿਚ ਖੇਤੀ ਦੇ ਰੂਪ ਵਿਚ ਜੀਵਨ ਪ੍ਰਾਪਤ ਕਰਨ ਦਾ ਪਰਿਵਾਰਕ ਪੱਧਰ ’ਤੇ ਯਤਨ ਕੀਤਾ ਜਾਵੇ। ਭੈਣ ਨਾਲ ਯਾਤਰਾ ਨਾਰੀ ਨੂੰ ਮਜ਼ਬੂਤ ਸਿੱਧ ਕਰਨ ਦਾ ਮੰਤਵ ਵੀ ਪ੍ਰਗਟ ਹੁੰਦਾ ਹੈ। ਧਰਮ ਗ੍ਰੰਥਾਂ ਦੇ ਇਨ੍ਹਾਂ ਮਨੋਭਾਵਾਂ ਨੂੰ ਦੇਖਦੇ ਹੋਏ ਹਰ ਮਨੁੱਖ ਨੂੰ ਆਪਣੇ ਜੀਵਨ ਦੇ ਰੱਥ ਦਾ ਸੰਚਾਲਨ ਵਿਧੀ-ਵਿਧਾਨ ਵਾਲੇ ਤਰੀਕੇ ਨਾਲ ਕਰਨਾ ਚਾਹੀਦਾ ਹੈ। ਪਰਿਵਾਰਕ ਏਕਤਾ ਦੇ ਨਾਲ ਜੀਵਨ ਗੁਜ਼ਾਰਨ ਨਾਲ ਘਰ ਵਿਚ ਉਤਸ਼ਾਹ ਤੇ ਉਮੰਗ ਦਾ ਰੱਥ ਦੌੜਨ ਲੱਗਦਾ ਹੈ। ਕਾਰਨ ਇਹ ਹੈ ਕਿ ਜੀਵਨ ਵਿਚ ਨਾਂਹ-ਪੱਖੀ ਸੋਚ ਦਾ ਵੀ ਹੱਲਾ ਹੁੰਦਾ ਰਹਿੰਦਾ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਉਲਟ ਹਾਲਾਤ ਤੋਂ ਕਿਸੇ ਵੀ ਹਾਲਤ ਵਿਚ ਮੂੰਹ ਨਾ ਮੋੜੇ ਸਗੋਂ ਜੀਵਨ ਯਾਤਰਾ ਦੌਰਾਨ ਆਉਣ ਵਾਲੇ ਉਲਟ ਹਾਲਾਤ ਨਾਲ ਡਟ ਕੇ ਲੜਦਾ ਰਹੇ। ਅਜਿਹਾ ਵਿਅਕਤੀ ਪੂਜਨੀਕ ਹੁੰਦਾ ਹੈ। ਉਹੀ ਵਿਅਕਤੀ ਜੀਵਨ ਨੂੰ ਸਾਰਥਕ ਬਣਾ ਸਕਦਾ ਹੈ।
-ਸਲਿਲ ਪਾਂਡੇ।