ਗੁਰਬਰਿੰਦਰ ਸਿੰਘ, ਸ੍ਰੀ ਗੋਇੰਦਵਾਲ ਸਾਹਿਬ : ਇੰਡਸਟਰੀ ਇਲਾਕੇ ਵਿਚ 1 ਜਨਵਰੀ ਨੂੰ ਪਰਵਾਸੀ ਵਿਅਕਤੀ ਨੂੰ ਗੋਲ਼ੀ ਮਾਰ ਕੇ ਲੁੱਟਣ ਦੇ ਮਾਮਲੇ ਨੂੰ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਇਸ ਸਬੰਧੀ ਕਾਬੂ ਕੀਤਾ ਹੈ।
ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਸ਼ਾਹਦ ਵਾਸੀ ਗਾਜ਼ੀਆਬਾਦ ਜੋ ਹੁਣ ਕਰਤਾਰ ਰੂਲਰ ਫਿਲੋਰ ਮਿੱਲ ਰਹਿੰਦਾ ਹੈ, ਨੇ 1 ਜਨਵਰੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਭਰਾ ਸੁਹੈਬ ਅਤੇ ਚਾਚਾ ਹੁਸੈਨ ਮੁਹੰਮਦ ਕੰਮਕਾਰ ਲਈ ਆਏ ਸਨ। ਉਹ ਰੋਜ਼ਾਨਾ ਸੁੱਖੇ ਦੇ ਢਾਬੇ ਤੋਂ ਰੋਟੀ ਖਾਣ ਜਾਂਦੇ ਸਨ। ਇਕ ਜਨਵਰੀ ਦੀ ਰਾਤ ਨੂੰ 8 ਵਜੇ ਉਹ ਢਾਬੇ ’ਤੇ ਖਾਣਾ ਖਾਣ ਲਈ ਮਿੱਲ ਤੋਂ ਜਾ ਰਹੇ ਸੀ। ਜਦੋਂ ਨੈਰੋਲੈਕ ਫੈਕਟਰੀ ਬਾਲਟੀਆਂ ਵਾਲੀ ਕੋਲ ਪੁੱਜੇ ਤਾਂ ਤਿੰਨ ਨੌਜਵਾਨ ਮੋਟਰਸਾਈਕਲ ’ਤੇ ਆਏ ਤੇ ਉਨ੍ਹਾਂ ਤੋੋਂ ਮੋਬਾਈਲ ਤੇ ਪੈਸੇ ਖੋਹ ਲਏ। ਉਸ ਦੇ ਭਰਾ ਸੁਹੈਬ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਉਹ ਧੱਕਾ-ਮੁੱਕੀ ਕਰਨ ਲੱਗ ਪਏ। ਇਸੇ ਦੌਰਾਨ ਲੁਟੇਰਿਆਂ ਨੇ ਉਸ ਦੇ ਭਰਾ ਦੀ ਵੱਖੀ ਵਿਚ ਗੋਲ਼ੀ ਮਾਰ ਦਿੱਤੀ।
ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਸੀ ਕਿ ਪਤਾ ਲੱਗਾ ਕਿ ਸੁਹੇਬ ਨੂੰ ਗੋਲੀ ਮਾਰ ਕੇ ਲੁੱਟਣ ਵਾਲਿਆਂ ’ਚ ਪਲਵਿੰਦਰ ਸਿੰਘ ਵਾਸੀ ਪੱਖੋਪੁਰ ਅਤੇ ਲਵਦੀਪ ਸਿੰਘ ਵਾਸੀ ਪੱਖੋਪੁਰ ਸ਼ਾਮਲ ਸਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵਾਂ ਕੋਲੋਂ ਖੋਹਿਆ ਹੋਇਆ ਮੋਬਾਈਲ ਪਿਸਤੌਲ ਵੀ ਬਰਾਮਦ ਹੋ ਗਿਆ ਹੈ ਜਦੋਂਕਿ ਤੀਸਰੇ ਸਾਥੀ ਦੀ ਭਾਲ ਜਾਰੀ ਹੈ।