ਗੁਰਬਰਿੰਦਰ ਸਿੰਘ, ਸ੍ਰੀ ਗੋਇੰਦਵਾਲ ਸਾਹਿਬ : ਤਰਨਤਾਰਨ ਦੇ ਪਿੰਡ ਚੱਕ ਮਹਿਰ ਨਜ਼ਦੀਕ ਐਤਵਾਰ ਨੂੰ ਸੱਭਿਆਚਾਰਕ ਗੁਰੱਪ ਦੀ ਟਵੇਰਾ ਗੱਡੀ ਪਲਟਣ ਕਾਰਨ ਗਰੁੱਪ ਦੀ ਇਕ ਮਹਿਲਾ ਮੈਂਬਰ ਮੌਕੇ ’ਤੇ ਹੀ ਦਮ ਤੋੜ ਗਈ। ਜਦੋਂਕਿ ਚਾਰ ਹੋਰ ਗੰਭੀਰ ਰੂਪ ਵਿਚ ਜਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ਼ ਲਈ ਖਡੂਰ ਸਾਹਿਬ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਦੂਜੇ ਪਾਸੇ ਇਲਾਕੇ ਨਾਲ ਸਬੰਧਤ ਚੌਂਕੀ ਫਤਿਆਬਾਦ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਟਵੇਰਾ ਗੱਡੀ ਨੰਬਰ ਪੀਬੀ30 ਕੇ 9093 ਵਿਚ ਸੱਭਿਆਚਾਰਕ ਗਰੁੱਪ ਦੀਆਂ 4 ਲੜਕੀਆਂ ਤੇ 7 ਲੜਕੇ ਸਵਾਰ ਸਨ। ਇਹ ਗਰੁੱਪ ਜਲਾਲਾਬਾਦ ਤੋਂ ਵਿਆਹ ਸਮਾਗਮ ਵਿਚ ਪ੍ਰੋਗਰਾਮ ਪੇਸ਼ ਕਰਨ ਲਈ ਮੁੰਡੀਮੋੜ ਦੇ ਨਜ਼ਦੀਕ ਅੰਮਿ੍ਤਪੁਰ ਪਿੰਡ ਜਾ ਰਿਹਾ ਸੀ। ਜਦੋਂ ਇਹ ਟਵੇਰਾ ਗੱਡੀ ਚੋਹਲਾ ਸਾਹਿਬ ਰੋਡ ’ਤੇ ਪਿੰਡ ਚੱਕ ਮਹਿਰ ਨੇੜੇ ਪਹੁੰਚੀ ਤਾਂ ਅਚਾਨਕ ਪਲਟ ਗਈ ਜਿਸ ਕਾਰਨ ਗੱਡੀ ’ਚ ਸਵਾਰ ਗਰੁੱਪ ਦੀ ਮੈਂਬਰ ਲੜਕੀ ਨੀਰੂ ਪਤਨੀ ਚਰਨਜੀਤ ਸਿੰਘ ਵਾਸੀ ਜਲਾਲਾਬਾਦ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਜਦੋਂਕਿ ਤਿੰਨ ਹੋਰ ਲੜਕੀਆਂ ਤੇ ਇਕ ਗਰੁੱਪ ਦਾ ਲੜਕਾ ਜ਼ਖ਼ਮੀ ਹੋ ਗਏ। ਪੁਲਿਸ ਪਾਰਟੀ ਮੌਕੇ ਉੱਪਰ ਪਹੁੰਚੀ। ਚੌਕੀ ਫਤਿਆਬਾਦ ਦੇ ਏਐੱਸਆਈ ਜੈਮਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈਣ ਦੇ ਨਾਲ ਨਾਲ ਬਾਕੀ ਜ਼ਖ਼ਮੀਆਂ ਨੂੰ ਖਡੂਰ ਸਾਹਿਬ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ’ਚ ਪੂਜਾ ਰਾਣੀ ਪਤਨੀ ਮਨਪ੍ਰੀਤ ਵਾਸੀ ਫਿਰੋਜ਼ਪੁਰ, ਜਸਪ੍ਰੀਤ ਕੌਰ ਪਤਨੀ ਬਲਰਾਜ ਸਿੰਘ, ਅੰਜੂ ਪਤਨੀ ਚੀਨ ਸਿੰਘ ਵਾਸੀ ਜਲਾਲਾਬਾਦ, ਤਰਸੇਮ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਗੁਰਦਾਸਪੁਰ, ਹਰਜਿੰਦਰ ਸਿੰਘ ਪੁੱਤਰ ਫੁੰਮਣ ਸਿੰਘ ਪਿੰਡ ਹਬੀਬਵਾਲਾ ਫਿਰੋਜ਼ਪੁਰ ਸ਼ਾਮਲ ਹਨ। ਚੌਕੀ ਫਤਿਆਬਾਦ ਦੇ ਇੰਚਾਰਜ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਹਾਦਸੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।