ਰਵੀ ਖਹਿਰਾ, ਖਡੂਰ ਸਾਹਿਬ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੰਗ ਵਿਖੇ ਇਕ ਘਰ ਦੀ ਕੰਧ ਨੂੰ ਸੰਨ੍ਹ ਲਗਾ ਕੇ ਲੰਘੀ ਰਾਤ ਚੋਰਾਂ ਨੇ 20 ਤੋਲੇ ਸੋਨਾ ਅਤੇ ਢਾਈ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਨਾਲ ਸਬੰਧਤ ਪੁਲਿਸ ਮੌਕੇ ’ਤੇ ਪਹੁੰਚੀ। ਜਿਸ ਵੱਲੋਂ ਫਿੰਗਰ ਪਿ੍ਰੰਟ ਮਾਹਿਰਾਂ ਅਤੇ ਡਾਗ ਸਕਵਾਇਡ ਦੀ ਮਦਦ ਨਾਲ ਚੋਰਾਂ ਦਾ ਪਤਾ ਲਗਾਉਣ ਵਾਸਤੇ ਯਤਨ ਸ਼ੁਰੂ ਕਰ ਦਿੱਤੇ ਹਨ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੋ ਭਰਾਵਾਂ ਹਰਜਿੰਦਰ ਸਿੰਘ, ਸੁਖਚੈਨ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਕੰਗ ਨੇ ਦੱਸਿਆ ਕਿ ਉਹ ਦੋਵੇਂ ਭਰਾ ਰੋਜ਼ਾਨਾਂ ਦੀ ਤਰ੍ਹਾਂ ਆਪਣੀ ਡਿਊਟੀ ’ਤੇ ਗਏ ਸਨ। ਜਦੋਂਕਿ ਬਾਕੀ ਪਰਿਵਾਰ ਦੇ ਕੁਝ ਮੈਂਬਰ ਘਰ ਦੇ ਵਿਹੜੇ ਅਤੇ ਕੁਝ ਦੀ ਛੱਤ ’ਤੇ ਸੁੱਤੇ ਸੀ। ਇਸੇ ਦੌਰਾਨ ਅਣਪਛਾਤੇ ਚੋਰਾਂ ਨੇ ਉਨ੍ਹਾਂ ਦੇ ਘਰ ਦੇ ਇਕ ਕਮਰੇ ਦੀ ਕੰਧ ਨੂੰ ਖੇਤਾਂ ਵਾਲੇ ਪਾਸੇ ਤੋਂ ਸੰਨ੍ਹ ਲਗਾ ਲਈ ਅਤੇ ਘਰ ਅੰਦਰ ਦਾਖਲ ਹੋ ਕੇ ਬੇਖੌਫ਼ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਪਰਿਵਾਰ ਨੂੰ ਘਟਨਾ ਸਬੰਧੀ ਸਵੇਰੇ ਤਿੰਨ ਵਜੇ ਦੇ ਕਰੀਬ ਉਸ ਵੇਲੇ ਪਤਾ ਲੱਗਾ ਜਦੋਂ ਪਰਿਵਾਰ ਦੇ ਇਕ ਮੈਂਬਰ ਦੀ ਜਾਗ ਖੁੱਲ੍ਹੀ ਤਾਂ ਘਰ ਦੀਆਂ ਅਲਮਾਰੀਆਂ ਅਤੇ ਟਰੰਕਾਂ ਦੇ ਤਾਲੇ ਟੁੱਟੇ ਮਿਲੇ। ਪਰਿਵਾਰ ਨੇ ਇਸ ਸਬੰਧੀ ਤੁਰੰਤ ਚੌਕੀ ਕੰਗ ਦੀ ਪੁਲਿਸ ਨੂੰ ਸੂਚਿਤ ਕੀਤਾ ਤਾਂ ਚੌਕੀ ਇੰਚਾਰਜ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚ ਗਏ। ਉਨ੍ਹਾਂ ਨੇ ਦੱਸਿਆ ਕਿ ਪੀੜਤ ਪਰਿਵਾਰ ਵੱਲੋਂ 20 ਤੋਲੇ ਸੋਨਾ ਅਤੇ ਢਾਈ ਲੱਖ ਦੀ ਨਕਦੀ ਚੋਰੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਜਦੋਂਕਿ ਚੋਰਾਂ ਦਾ ਪਤਾ ਲਗਾਉਣ ਲਈ ਡਾਗ ਸਕਵਾਇਡ ਦੇ ਨਾਲ ਨਾਲ ਫਿੰਗਰ ਪਿ੍ਰੰਟ ਮਾਹਿਰਾਂ ਦੀ ਟੀਮ ਦੀ ਮੱਦਦ ਵੀ ਲਈ ਜਾ ਰਹੀ ਹੈ।