ਅਦਾਲਤ 'ਚ ਪੇਸ਼ ਕਰਕੇ ਹਾਸਿਲ ਕੀਤਾ ਦੋ ਦਿਨਾਂ ਪੁਲਿਸ ਰਿਮਾਂਡ 'ਤੇ, ਪੰਜ ਕੇਸਾਂ 'ਚ ਪਾਈ ਗਿ੍ਫਤਾਰੀ
ਜਸਪਾਲ ਸਿੰਘ ਜੱਸੀ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ 'ਚ ਸਾਲ 2020 ਦੌਰਾਨ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਸਬੰਧ 'ਚ ਥਾਣਾ ਸਿਟੀ ਤਰਨਤਾਰਨ 'ਚ ਦਰਜ ਚਾਰ ਕੇਸਾਂ 'ਚੋਂ ਭਗੌੜਾ ਮੁਲਜ਼ਮ ਰਸ਼ਪਾਲ ਸਿੰਘ ਸ਼ਾਲੂ ਨੇ ਥਾਣਾ ਸਿਟੀ ਤਰਨਤਾਰਨ 'ਚ ਸਰੰਡਰ ਕਰ ਦਿੱਤਾ ਹੈ। ਜਿਸ ਨੂੰ ਪੁਲਿਸ ਨੇ ਅੱਜ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸਦਾ ਦੋ ਦਿਨਾਂ ਪੁਲਿਸ ਰਿਮਾਂਡ ਮਿਲਿਆ ਹੈ। ਇਸ ਦੌਰਾਨ ਪੁਲਿਸ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।
ਦੱਸਣਾ ਬਣਦਾ ਹੈ ਕਿ 31 ਜੁਲਾਈ ਨੂੰ ਤਰਨਤਾਰਨ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦਾ ਅਜਿਹਾ ਸਿਲਸਿਲਾ ਸ਼ੁਰੂ ਹੋਇਆ ਕਿ 100 ਤੋਂ ਵੱਧ ਜਾਨਾਂ ਜ਼ਹਿਰੀਲੀ ਸ਼ਰਾਬ ਕਾਰਨ ਮੌਤ ਦੇ ਮੂੰਹ 'ਚ ਚਲੀਆਂ ਗਈਆਂ। ਜਿਸਦੇ ਚਲਦਿਆਂ ਤਰਨਤਾਰਨ ਜ਼ਿਲ੍ਹਾ ਦੇਸ਼ ਭਰ 'ਚ ਸੁਰਖੀਆਂ 'ਚ ਆ ਗਿਆ। ਇਕ ਪਾਸੇ ਜਿਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੋਂ ਇਲਾਵਾ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਆਮਦ ਵੀ ਤਰਨਤਾਰਨ ਹੋਈ। ਅਕਾਲੀ ਦਲ ਤੇ 'ਆਪ' ਦੇ ਆਗੂਆਂ ਵੱਲੋਂ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲਿਆਂ 'ਚ ਕਤਲ ਦੇ ਕੇਸ ਦਰਜ ਕਰਨ ਦੀ ਮੰਗ ਲੈ ਕੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅੱਗੇ ਧਰਨੇ ਵੀ ਦਿੱਤੇ ਸਨ। ਜਦੋਂਕਿ ਪੁਲਿਸ ਨੇ ਵੀ ਹਰਕਤ 'ਚ ਆਉਂਦਿਆਂ ਵੱਖ-ਵੱਖ ਥਾਣਿਆਂ 'ਚ ਮੁਕੱਦਮੇਂ ਦਰਜ ਕੀਤੇ ਸਨ। ਜਿਸ 'ਚ ਰਸ਼ਪਾਲ ਸਿੰਘ ਸ਼ਾਲੂ ਪੁੱਤਰ ਬੂਟਾ ਸਿੰਘ ਵਾਸੀ ਢੋਟੀਆਂ ਤੇ ਉਸਦਾ ਭਰਾ ਗੁਰਪਾਲ ਸਿੰਘ ਵੀ ਨਾਮਜ਼ਦ ਸੀ। ਜਦੋਂਕਿ ਕਈ ਮੁਲਜ਼ਮਾਂ ਨੂੰ ਪੁਲਿਸ ਨੇ ਬਕਾਇਦਾ ਗਿ੍ਫ਼ਤਾਰ ਵੀ ਕਰ ਲਿਆ ਸੀ। ਥਾਣਾ ਸਿਟੀ ਤਰਨਤਾਰਨ ਦੀ ਮੁਖੀ ਸਬ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਰਸ਼ਪਾਲ ਸਿੰਘ ਸ਼ਾਲੂ ਦੋ ਸਾਲਾਂ ਤੋਂ ਭਗੌੜਾ ਚੱਲਿਆ ਆ ਰਿਹਾ ਸੀ। ਜਿਸ ਨੇ ਥਾਣੇ ਆ ਕੇ ਆਤਮ ਸਮਰਪਣ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਾਲੂ ਨੂੰ ਅਦਾਲਤ 'ਚ ਪੇਸ਼ ਕਰਕੇ ਦੋ ਦਿਨਾਂ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਜਿਸ ਨੂੰ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ 43 ਮੌਤਾਂ ਸਬੰਧੀ ਦਰਜ ਚਾਰ ਕੇਸਾਂ 218, 221, 223 ਅਤੇ 226 ਤੋਂ ਇਲਾਵਾ ਪੀਓ ਹੋਣ ਸਬੰਧੀ ਦਰਜ ਮੁਕੱਦਮਾਂ ਨੰਬਰ 253 'ਚ ਗਿ੍ਫਤਾਰ ਕਰ ਲਿਆ ਗਿਆ ਹੈ। ਉਨਾਂ੍ਹ ਦੱਸਿਆ ਕਿ ਇਸਦਾ ਭਰਾ ਗੁਰਪਾਲ ਸਿੰਘ ਪਹਿਲਾਂ ਹੀ ਗਿ੍ਫ਼ਤਾਰ ਹੋ ਚੁੱਕਾ ਹੈ।
ਥਾਣਾ ਸਿਟੀ ਤਰਨਤਾਰਨ ਦੀ ਮੁਖੀ ਬਲਜੀਤ ਕੌਰ ਜਾਣਕਾਰੀ ਦਿੰਦੀ ਹੋਈ।
ਰਸ਼ਪਾਲ ਸਿੰਘ ਸ਼ਾਲੂ।