ਜਸਪਾਲ ਸਿੰਘ ਜੱਸੀ, ਤਰਨਤਾਰਨ : ਪੰ ਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸੋਮਵਾਰ ਨੂੰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਉਨ੍ਹਾਂ ਨੇ ਇਸ ਦੌਰਾਨ ਸੰਗਤ ਵਿਚ ਬੈਠ ਕੇ ਲੰਗਰ ਛਕਿਆ। ਜਦੋਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਧਰਵਿੰਦਰ ਸਿੰਘ ਮਾਣੋਚਾਹਲ ਨੇ ਉਨ੍ਹਾਂ ਨੂੰ ਯਾਦਗਾਰ ਚਿੰਨ੍ਹ ਭੇਂਟ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਐੱਸਐੱਸਪੀ ਹਰਵਿੰਦਰ ਸਿੰਘ ਵਿਰਕ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਰਮਜੀਤ ਕੌਰ ਅਤੇ ਐੱਸਡੀਐੱਮ ਤਰਨਤਾਰਨ ਰਜਨੀਸ਼ ਅਰੋੜਾ ਵੀ ਨਾਲ ਰਹੇ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅੱਜ ਤਰਨਤਾਰਨ ਜ਼ਿਲ੍ਹੇ ’ਚ ਆਪਣੇ ਪਹਿਲੇ ਦੌਰੇ ’ਤੇ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਤੇ ਹੋਰਨਾਂ ਅਧਿਕਾਰੀਆਂ ਤੋਂ ਜ਼ਿਲ੍ਹੇ ਦੇ ਆਰਥਿਕ, ਭੂਗੋਲਿਕ ਤੇ ਸਮਾਜਿਕ ਪੱਖਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਇਲਾਵਾ ਜ਼ਿਲ੍ਹੇ ਅੰਦਰ ਵਿਕਾਸ ਕੰਮਾਂ ਅਤੇ ਲੋਕ ਭਲਾਈ ਦੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਬਿਨਾਂ ਕਿਸੇ ਦਬਾਅ ਦੇ ਆਪਣੇ ਫਰਜ਼ ਪੂਰੀ ਤਨਦੇਹੀ ਨਾਲ ਨਿਭਾਉਣ ਜਿਸ ਤਹਿਤ ਉਹ ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ ਆਮ ਲੋਕਾਂ ਪ੍ਰਤੀ ਦਇਆ ਭਾਵ ਵਾਲਾ ਰਵੱਈਆ ਅਪਣਾਉਣ। ਉਨ੍ਹਾਂ ਕਿਹਾ ਕਿ ‘ਉਹ ਕੇਂਦਰੀ ਤੇ ਸੂਬਾਈ ਸਰਕਾਰਾਂ ਦੇ ਮੌਜੂਦਾ ਸਰੋਤਾਂ ਦੀ ਬਿਹਤਰੀਨ ਵਰਤੋਂ ਕਰਨਾ ਯਕੀਨੀ ਬਣਾਉਣ ਦੇ ਨਾਲ ਨਾਲ ਸਮਾਜਿਕ ਜਿੰਮੇਵਾਰੀ ਨੂੰ ਵਿਸ਼ੇਸ਼ ਮਹੱਤਤਾ ਦੇਣ।