ਜਗਦੀਸ਼ ਰਾਜ, ਅਮਰਕੋਟ
ਵਿਧਾਨ ਸਭਾ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਸਕੱਤਰਾ ਦੀ ਮੌਜੂਦਾ ਸਰਪੰਚ ਦੇ ਪਤੀ 'ਆਪ' ਆਗੂ ਉੱਪਰ ਤਿੰਨ ਕਾਰਾਂ 'ਚ ਸਵਾਰ ਲੋਕਾਂ ਵੱਲੋਂ ਕਥਿਤ ਤੌਰ 'ਤੇ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਗੋਲੀਬਾਰੀ ਦੌਰਾਨ ਸਰਪੰਚ ਦਾ ਪਤੀ ਵਾਲ਼-ਵਾਲ਼ ਬਚ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਇਹ ਉਕਤ 'ਆਪ' ਆਗੂ ਆਪਣੇ ਇਕ ਹੋਰ ਸਾਥੀ ਸਮੇਤ ਵਲਟੋਹਾ ਦੇ ਬਲਾਕ ਤੋਂ ਸਕਾਰਪਿਓ ਰਾਹੀਂ ਪਿੰਡ ਜਾ ਰਿਹਾ ਸੀ। ਥਾਣਾ ਵਲਟੋਹਾ ਦੀ ਪੁਲਿਸ ਨੇ 10 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਤਿੰਨ ਨੂੰ ਨਾਮਜ਼ਦ ਵੀ ਕਰ ਲਿਆ ਹੈ।
ਪਿੰਡ ਸਕੱਤਰਾ ਦੀ ਸਰਪੰਚ ਹਰਪ੍ਰਰੀਤ ਕੌਰ ਦੇ ਪਤੀ ਸ਼ੇਰ ਸਿੰਘ ਪੱਤਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਗੁਰਕੀਰਤ ਸਿੰਘ ਪੁੱਤਰ ਬਲਜੀਤ ਸਿੰਘ ਦੇ ਨਾਲ ਆਪਣੀ ਸਕਾਰਪਿਓ ਗੱਡੀ ਨੰਬਰ ਪੀਬੀ46 ਵਾਈ 1374 'ਤੇ ਸਵਾਰ ਹੋ ਕੇ ਵਲਟੋਹਾ ਬਲਾਕ ਤੋਂ ਆਪਣੇ ਪਿੰਡ ਸਕੱਤਰਾ ਜਾ ਰਿਹਾ ਸੀ। ਕਰੀਬ ਸਵਾ 4 ਵਜੇ ਜਦੋਂ ਉਹ ਪਿੰਡ ਚੀਮਾ ਪੁੱਜਾ ਤਾਂ ਉਨਾਂ੍ਹ ਦੇ ਪਿੱਛੇ ਸਵਿਫਟ ਗੱਡੀ ਨੰਬਰ ਪੀਬੀ46 ਏਈ 5813 ਆਈ ਜਿਸ ਵਿਚ ਦੋ ਲੋਕ ਸਵਾਰ ਸਨ। ਜਦੋਂਕਿ ਉਸਦੇ ਪਿੱਛੇ ਹੀ ਇਕ ਹੋਰ ਸਵਿਫਟ ਗੱਡੀ ਨੰਬਰ ਪੀਬੀ46 ਡਬਲਯੂ 0885 ਸੀ ਜਿਸ ਵਿਚ ਤਿੰਨ ਤੋਂ ਚਾਰ ਲੋਕ ਸਵਾਰ ਸਨ। ਜਦੋਂਕਿ ਮਹਿੰਦਰਾ ਐਕਸਯੂਵੀ ਡੀਐੱਲ7 ਸੀਐੱਮ 1012 ਵੀ ਪਿੱਛੇ ਆਈ, ਜਿਸ ਨੂੰ ਸਤਪਾਲ ਸਿੰਘ ਪਾਲ ਪੁੱਤਰ ਜਸਵੰਤ ਸਿੰਘ ਵਾਸੀ ਠੱਠੀ ਜੈਮਲ ਸਿੰਘ ਚਲਾ ਰਿਹਾ ਸੀ ਤੇ ਦੋ-ਤਿੰਨ ਹੋਰ ਲੋਕ ਸਵਾਰ ਸਨ। ਉਸ ਨੇ ਦੱਸਿਆ ਕਿ ਇਨਾਂ੍ਹ ਵਿਚੋਂ ਇਕ ਗੱਡੀ ਉਨਾਂ੍ਹ ਦੀ ਕਾਰ ਦੇ ਬਰਾਬਰ ਆਈ ਅਤੇ ਡਰਾਈਵਰ ਦੇ ਨਾਲ ਬੈਠੇ ਵਿਅਕਤੀ ਨੇ ਗੱਡੀ ਵਿਚੋਂ ਹੀ ਉਸ 'ਤੇ ਗੋਲੀ ਚਲਾ ਦਿੱਤੀ ਜੋ ਸਕਾਰਪਿਓ ਗੱਡੀ ਦੇ ਜਾ ਲੱਗੀ। ਜਦੋਂਕਿ ਦੂਸਰਾ ਫਾਇਰ ਗੱਡੀ ਦੇ ਉੱਪਰ ਦੀ ਲੰਘ ਗਿਆ। ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਗੋਲ਼ੀ ਚਲਾਉਣ ਵਾਲਾ ਬਖਸ਼ੀਸ਼ ਸਿੰਘ ਉਰਫ ਸੋਨਾ ਪੁੱਤਰ ਕਾਬਲ ਸਿੰਘ ਵਾਸੀ ਸਕੱਤਰਾ ਸੀ। ਜਦੋਂ ਮਹਾਬੀਰ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਸਕੱਤਰਾ ਗੱਡੀ ਚਲਾ ਰਿਹਾ ਸੀ। ਉਸ ਨੇ ਦੱਸਿਆ ਕਿ ਬਖਸ਼ੀਸ਼ ਸਿੰਘ ਸੋਨਾ ਤੇ ਮਹਾਬੀਰ ਸਿੰਘ ਪਹਿਲਾਂ ਵੀ ਉਸ 'ਤੇ ਅਤੇ ਉਸਦੇ ਪੁੱਤਰ ਹਰਦੀਪਕ ਸਿੰਘ 'ਤੇ ਕਈ ਹਮਲੇ ਕਰ ਚੁੱਕੇ ਹਨ। ਜਿਸ ਸਬੰਧੀ ਉਨਾਂ੍ਹ ਨੇ ਸਮੇਂ-ਸਮੇਂ 'ਤੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਸਨ। ਉਕਤ ਲੋਕ ਉਸ ਦੇ ਸਿਆਸੀ ਅਸਰ ਰਸੂਖ਼ ਤੋਂ ਉਸ ਨਾਲ ਖਾਰ ਖਾਂਦੇ ਹਨ, ਜਿਸਦੀ ਰੰਜਿਸ਼ ਕਰ ਕੇ ਅੱਜ ਉਸ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਹੈ। ਥਾਣਾ ਵਲਟੋਹਾ ਦੇ ਮੁਖੀ ਸਬ ਇੰਸਪੈਕਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਸ਼ੇਰ ਸਿੰਘ ਦੇ ਬਿਆਨਾਂ 'ਤੇ ਦਰਜ ਕੀਤੇ ਕੇਸ ਵਿਚ ਬਖਸ਼ੀਸ਼ ਸਿੰਘ, ਮਹਾਬੀਰ ਸਿੰਘ ਤੇ ਸਤਪਾਲ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ ਹੈ, ਜਿਨਾਂ੍ਹ ਦੀ ਗਿ੍ਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।