ਪੰਜਾਬੀ ਜਾਗਰਣ ਟੀਮ, ਤਰਨਤਾਰਨ : ਜ਼ਿਲ੍ਹੇ ਦੇ ਪਿੰਡ ਕਲੇਰ 'ਚ ਹੋਏ ਬੰਬ ਧਮਾਕੇ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਕੀਤੀ ਜਾ ਰਹੀ ਜਾਂਚ 'ਚ ਵੱਡਾ ਖੁਲਾਸਾ ਹੋਇਆ ਹੈ। ਇਸ ਬੰਬ ਧਮਾਕੇ ਦੇ ਤਾਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹਮਲੇ ਦੀ ਸਾਜ਼ਿਸ਼ ਨਾਲ ਜੁੜੇ ਸਨ। ਬਰਗਾੜੀ 'ਚ ਬੇਅਦਬੀ ਦੀ ਘਟਨਾ ਤੋਂ ਬਾਅਦ 2016 ਵਿਚ ਸੁਖਬੀਰ ਬਾਦਲ 'ਤੇ ਹਮਲਾ ਕੀਤਾ ਜਾਣਾ ਸੀ ਪਰ ਉਨ੍ਹਾਂ ਨਾਲ ਭਾਰੀ ਸੁਰੱਖਿਆ ਕਾਰਨ ਇਹ ਟਲ ਗਿਆ ਸੀ।
4 ਸਤੰਬਰ ਦੀ ਰਾਤ ਨੂੰ ਤਰਨਤਾਰਨ-ਖਡੂਰ ਸਾਹਿਬ ਮਾਰਗ 'ਤੇ ਪੈਂਦੇ ਪਿੰਡ ਕਲੇਰ 'ਚ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ 'ਚ ਵਿਕਰਮਜੀਤ ਸਿੰਘ ਉਰਫ ਬਿੱਕਰ ਵਾਸੀ ਪਿੰਡ ਕੱਦਗਿੱਲ ਅਤੇ ਹਰਪ੍ਰੀਤ ਸਿੰਘ ਹੈਪੀ ਵਾਸੀ ਪਿੰਡ ਬੱਚੜੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦੋਂਕਿ ਗੁਰਜੰਟ ਸਿੰਘ ਉਰਫ ਜੰਟਾ ਵਾਸੀ ਬੱਚੜੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ। ਉਸ ਦੀਆਂ ਦੋਵੇਂ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ। ਇਕ ਮਹੀਨਾ ਤਰਨਤਾਰਨ ਦੇ ਨਿੱਜੀ ਹਸਪਤਾਲ 'ਚ ਭਰਤੀ ਰਹੇ ਗੁਰਜੰਟ ਸਿੰਘ ਜੰਟਾ ਨੂੰ ਐੱਨਆਈਏ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਕੇ ਸੱਤ ਦਿਨ ਦੇ ਰਿਮਾਂਡ 'ਤੇ ਲਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਬੱਚੜੇ ਅਤੇ ਹਰਜੀਤ ਸਿੰਘ ਪੰਡੋਰੀ ਗੋਲਾ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਸਾਹਮਣੇ ਆਇਆ ਕਿ ਪੰਡੋਰੀ ਗੋਲਾ ਨਜ਼ਦੀਕ ਕਲੇਰ ਦੀ ਜ਼ਮੀਨ 'ਤੇ ਹੋਏ ਬੰਬ ਧਮਾਕੇ ਨਾਲ ਸਬੰਧਤ ਅੱਤਵਾਦੀ ਮਡਿਊਲ ਦਾ ਕਿੰਗਪਿੰਨ ਦਮਦਮੀ ਟਕਸਾਲ ਨਾਲ ਸਬੰਧ ਰੱਖਣ ਵਾਲਾ ਬਿਕਰਮ ਸਿੰਘ ਪੰਜਵੜ ਉਰਫ ਬਿੱਕਰ ਹੈ, ਜੋ ਕਿ 2018 'ਚ ਆਸਟਰੀਆ ਭੱਜ ਗਿਆ ਸੀ। ਉਹ ਆਈਈਡੀ ਦਾ ਮਾਹਿਰ ਸੀ ਅਤੇ ਉਸ ਨੇ ਸੁਖਬੀਰ ਸਿੰਘ ਬਾਦਲ 'ਤੇ ਹਮਲੇ ਲਈ ਬੰਬ ਬਣਾਇਆ ਸੀ।
ਉਸ ਨੇ ਸੁਖਬੀਰ 'ਤੇ ਹਮਲੇ ਦੀ ਯੋਜਨਾ ਬਣਾਈ ਸੀ। ਨਵੰਬਰ 2016 'ਚ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੁਖਬੀਰ ਬਾਦਲ ਦੀ ਸ੍ਰੀ ਹਰਿਮੰਦਰ ਸਾਹਿਬ ਫੇਰੀ ਮੌਕੇ ਇਹ ਹਮਲਾ ਕੀਤਾ ਜਾਣਾ ਸੀ ਅਤੇ ਬਕਾਇਦਾ ਰੇਕੀ ਵੀ ਕੀਤੀ ਗਈ ਸੀ। ਉਸ ਕੋਲ ਦੋ ਬੰਬ ਸਨ, ਜਿਨ੍ਹਾਂ ਵਿਚੋਂ ਇਕ ਮਲਕੀਤ ਸਿੰਘ ਉਰਫ਼ ਸ਼ੇਰਾ ਪੁੱਤਰ ਦਿਲਬਾਗ ਸਿੰਘ ਨਿਵਾਸੀ ਕੋਟਲਾ ਗੁੱਜਰ (ਮਜੀਠਾ) ਨੂੰ ਦਿੱਤਾ ਗਿਆ। ਹਮਲਾ ਗੁਰਦੁਆਰਾ ਸਾਹਿਬ ਦੇ ਮੁੱਖ ਰਾਹ 'ਤੇ ਕੀਤਾ ਜਾਣਾ ਸੀ। ਬਿਕਰਮ ਦਾ ਪਲਾਨ ਸੀ ਕਿ ਪਹਿਲਾ ਬੰਬ ਉਹ ਸੁਖਬੀਰ ਬਾਦਲ 'ਤੇ ਸੁੱਟੇਗਾ ਅਤੇ ਫਿਰ ਸ਼ੇਰਾ ਉਸ ਨੂੰ ਫਾਲੋ ਕਰੇਗਾ। ਉਨ੍ਹਾਂ ਦੋਵਾਂ ਨੇ ਗੋਲਡਨ ਟੈਂਪਲ ਦੇ ਮੁੱਖ ਦਰਵਾਜ਼ੇ ਵਾਲੇ ਪਾਸੇ ਪੁਜ਼ੀਸ਼ਨਾਂ ਵੀ ਲੈ ਲਈਆਂ ਸਨ ਪਰ ਸੁਖਬੀਰ ਸਿੰਘ ਬਾਦਲ ਭਾਰੀ ਸੁਰੱਖਿਆ ਨਾਲ ਉੱਥੇ ਆਏ, ਜਿਸ ਦੇ ਚੱਲਦਿਆਂ ਬਿਕਰਮ ਨੇ ਬੰਬ ਨਹੀਂ ਸੁੱਟਿਆ। ਬਾਅਦ ਵਿਚ ਉਸ ਨੇ ਇਹ ਬੰਬ ਸਟੀਲ ਦੇ ਕਵਰ ਵਿਚ ਰੱਖ ਲਏ। ਬਿਕਰਮ ਬਾਅਦ ਵਿਚ 2018 ਨੂੰ ਅਮਰੀਕਾ ਰਾਹੀਂ ਆਸਟਰੀਆ ਚਲਾ ਗਿਆ। ਕਲੇਰ ਪਿੰਡ 'ਚ ਜਿਹੜਾ ਧਮਾਕਾ ਹੋਇਆ ਸੀ ਉਹ ਉਹੋ ਬੰਬ ਸਨ, ਜਿਹੜੇ 2016 'ਚ ਸੁਖਬੀਰ ਬਾਦਲ 'ਤੇ ਹਮਲੇ 'ਚ ਵਰਤੇ ਜਾਣੇ ਸਨ ਪਰ ਬਾਅਦ 'ਚ ਬਿਕਰਮ ਨੇ ਦੱਬ ਦਿੱਤੇ ਸਨ। ਧਮਾਕੇ ਵਿਚ ਜ਼ਖਮੀ ਹੋਏ ਗੁਰਜੰਟ ਨੂੰ ਬਿਕਰਮ ਨੇ ਆਈਈਡੀ ਤਿਆਰ ਕਰਨ ਦੀ ਟ੍ਰੇਨਿੰਗ ਦਿੱਤੀ ਸੀ। ਗੁਰਜੰਟ ਨੂੰ ਬਿਕਰਮ ਵੱਲੋਂ ਕੁਝ ਵੀਆਈਪੀਜ਼ 'ਤੇ ਹਮਲੇ ਕਰਨ ਦੇ ਆਦੇਸ਼ ਮਿਲੇ ਸਨ। ਇਨ੍ਹਾਂ ਦੀ ਮੰਸ਼ਾ ਸੀ ਕਿ ਪਲਾਟ ਵਿਚ ਦੱਬੇ ਬੰਬ ਦੀ ਵਰਤੋਂ ਕੀਤੀ ਜਾਵੇ ਪਰ ਜਦੋਂ ਗੁਰਜੰਟ ਆਪਣੇ ਦੋ ਹੋਰ ਸਾਥੀਆਂ ਸਮੇਤ ਇਸ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਹ ਫਟ ਗਏ।