ਜਸਪਾਲ ਸਿੰਘ ਜੱਸੀ, ਤਰਨਤਾਰਨ : ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ਮਾਮਲੇ ਵਿਚ ਸ਼ਾਮਲ ਦੱਸੇ ਜਾਂਦੇ ਮੁਲਜ਼ਮ ਗੁਰਵਿੰਦਰ ਸਿੰਘ ਉਰਫ ਬਾਬਾ ਉਰਫ ਰਾਜਾ ਪੁੱਤਰ ਗੁਰਮੀਤ ਸਿੰਘ ਵਾਸੀ ਪੀਰਾਂਬਾਦ ਗੁਰਦਾਸਪੁਰ, ਸੰਦੀਪ ਸਿੰਘ ਉਰਫ ਕਾਲਾ ਪੁੱਤਰ ਹਰਪਾਲ ਸਿੰਘ ਵਾਸੀ ਅਵਾਣ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਗੁਰਪ੍ਰੀਤ ਸਿੰਘ ਉਰਫ ਰੰਧਾਵਾ ਪੁੱਤਰ ਬਲਬੀਰ ਸਿੰਘ ਵਾਸੀ ਗੋਬਿੰਦਨਗਰ ਕਾਹਨੂਵਾਲ ਰੋਡ ਬਟਾਲਾ ਜੋ ਹੁਣ ਗਰੀਨ ਸਿਟੀ ਬਟਾਲਾ ਵਿਖੇ ਰਹਿੰਦਾ ਹੈ, ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਚਾਰ ਹੋਰ ਲੋਕਾਂ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਦੇ ਕਬਜ਼ੇ ਵਿਚੋਂ ਪਿਸਟਲ, ਕਾਰਤੂਸ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ। ਹਾਲਾਂਕਿ ਪੁਲਿਸ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕਰਨ ਦੀ ਤਿਆਰੀ ਵਿਚ ਹੈ।
ਪੁਲਿਸ ਦਾ ਦਾਅਵਾ ਸੀ ਕਿ ਬਾਬਾ ਅਤੇ ਉਸਦੇ ਸਾਥੀ ਪਕਿਸਤਾਨੀ ਸਮੱਗਲਰਾਂ ਨਾਲ ਰਲ ਕੇ ਸਰਹੱਦ ਪਾਰੋਂ ਤਸਕਰੀ ਕਰਦੇ ਹਨ। ਜਿਨ੍ਹਾਂ ਵੱਲੋਂ ਪਾਕਿਸਤਾਨ ਤੋਂ ਮੰਗਵਾਈ ਗਈ 635 ਗ੍ਰਾਮ ਹੈਰੋਇਨ, 100 ਗ੍ਰਾਮ ਅਫੀਮ, 2 ਪਿਸਟਲ 30 ਬੋਰ, 2 ਮੈਗਜੀਨ, 13 ਕਾਰਤੂਸ, 36 ਲੱਖ 90 ਹਜਾਰ ਦੀ ਡਰੱਗ ਮਨੀ, 1 ਲੈਂਸਰ ਕਾਰ, 1 ਗਰਨੇਡ ਅਤੇ ਆਈਈਡੀ ਬਰਾਮਦ ਕਰਕੇ ਥਾਣਾ ਵੈਰੋਂਵਾਲ ਵਿਚ ਕੇਸ ਦਰਜ ਕੀਤਾ ਸੀ। ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ ਸੀ। ਜਿਸ ਦੌਰਾਨ ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਗੁਰਸਾਹਿਬ ਸਿੰਘ ਉਰਫ ਸਾਬਾ ਪੁੱਤਰ ਬਚਿੱਤਰ ਸਿੰਘ ਵਾਸੀ ਪੱਤੀ ਭਾਗ ਪਿੰਡ ਵੇਰਕਾ, ਮਨਜਿੰਦਰ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਸੰਘਰ ਕੋਟ, ਇੰਦਰਜੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਸੰਘਰ ਕੋਟ ਅਤੇ ਦਲਜੀਤ ਸਿੰਘ ਉਰਫ ਲਾਲੀ ਪਹਿਲਵਾਨ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਖਾਰਾ ਸੁਲਤਾਨ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਕੋਲੋਂ 40 ਗ੍ਰਾਮ ਹੈਰੋਇਨ, 1 ਪਿਸਟਲ 32 ਬੋਰ, 1 ਮੈਗਜੀਨ ਸਮੇਤ 3 ਕਾਰਤੂਸ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਜਿਸ ਦੌਰਾਨ ਮੁਲਜ਼ਮਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ 8 ਅਗਸਤ ਨੂੰ ਗ੍ਰਿਫ਼ਤਾਰ ਕੀਤੇ ਗਏ ਗੁਰਵਿੰਦਰ ਸਿੰਘ ਬਾਬਾ ਅਤੇ ਉਸਦੇ ਸਾਥੀਆਂ ਕੋਲੋਂ ਵਿਸਫੋਟਕ ਸਮੱਗਰੀ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਖਦਸ਼ਾ ਜਿਤਾਇਆ ਸੀ ਕਿ ਇਨ੍ਹਾਂ ਵੱਲੋਂ ਅਜਾਦੀ ਦਿਹਾੜੇ ਦੇ ਚੱਲਦਿਆਂ ਪੰਜਾਬ ਵਿਚ ਦਹਿਸ਼ਤ ਫੈਲਾਉਣ ਦੀ ਯੋਜਨਾ ਸੀ। ਹਾਲਾਂਕਿ ਉਕਤ ਲੋਕਾਂ ਦੇ ਅੱਤਵਾਦੀ ਕੁਨੈਕਸ਼ਨ ਨੂੰ ਪੁਲਿਸ ਵੱਲੋਂ ਖੰਘਾਲਿਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਸੀ ਕਿ ਕਾਮਰੇਡ ਬਲਵਿੰਦਰ ਸਿੰਘ ਹੱਤਿਆਕਾਂਡ ’ਚ ਸ਼ਾਮਲ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ’ਚ ਬਾਬਾ ਦਾ ਅਹਿਮ ਰੋਲ ਰਿਹਾ ਸੀ ਅਤੇ ਇਹ ਮੁਲਜ਼ਮ ਐੱਨਆਈਏ ਨੂੰ ਵੀ ਲੋੜੀਂਦਾ ਸੀ।