ਜਸਪਾਲ ਸਿੰਘ ਜੱਸੀ/ਬੱਲੂ ਮਹਿਤਾ, ਤਰਨਤਾਰਨ/ਪੱਟੀ : ਥਾਣਾ ਸਦਰ ਪੱਟੀ ਦੀ ਪੁਲਿਸ ਨੇ ਨਾਕੇਬੰਦੀ ਦੇ ਦੌਰਾਨ ਵਾਹਨਾਂ ਦੀ ਚੈਕਿੰਗ ਕਰਦਿਆਂ ਫਾਰਚੂਨਰ ਗੱਡੀ ਵਿਚੋਂ ਹਥਿਆਰ ਬਰਾਮਦ ਕਰਕੇ ਦੋ ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਦੇ ਖਿਲਾਫ ਅਸਲਵਾ ਐਕਟ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਮੁਲਜ਼ਮ ਕੁਝ ਦਿਨ ਪਹਿਲਾਂ ਪਿੰਡ ਤੂਤ ਵਿਖੇ ਹੋਈ ਫਾਇਰਿੰਗ ਵਿਚ ਵੀ ਲੋੜੀਂਦੇ ਸਨ।
ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਤਰਨਤਾਰਨ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਡੀਐੱਸਪੀ ਸਤਨਾਮ ਸਿੰਘ ਦੀ ਅਗਵਾਈ ਹੇਠ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਵਿਸ਼ੇਸ਼ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਮੁਹਿੰਮ ਆਰੰਭੀ ਸੀ। ਇਸੇ ਦੌਰਾਨ ਇਕ ਫਾਰਚੂਨਰ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚ ਸਵਾਰ ਦੋ ਵਿਅਕਤੀਆਂ ਪ੍ਰਭਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਦਾਸੂਵਾਲ ਮੰਡੀ ਅਤੇ ਗੁਰਸਾਹਿਬ ਸਿੰਘ ਉਰਫ ਸਾਬਾ ਪੁੱਤਰ ਜੁਗਰਾਜ ਸਿੰਘ ਵਾਸੀ ਦਾਸੂਵਾਲ ਕੋਲੋਂ ਇਕ ਪਿਸਟਲ 32 ਬੋਰ, ਇਕ ਮੈਗਜੀਨ ਤੇ 2 ਜਿੰਦਾ ਕਾਰਤੂਸ ਤੋਂ ਇਲਾਵਾ ਇਕ ਟਰਿਪਲ ਬੈਰਲ ਰਾਇਫਲ ਤੇ 2 ਕਾਰਤੂਸ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਇਹ ਦੋਵੇਂ ਮੁਲਜ਼ਮ ਕੁਝ ਦਿਨ ਪਹਿਲਾਂ ਚੌਕੀ ਤੂਤ ਦੇ ਅਧੀਨ ਆਉਂਦੇ ਇਲਾਕੇ ਵਿਚ ਹੋਈ ਫਾਇਰਿੰਗ ਦੇ ਮਾਮਲੇ ’ਚ ਵੀ ਲੋੜੀਂਦੇ ਸਨ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ। ਇਸ ਮਾਮਲੇ ਦੀ ਅਗਲੀ ਜਾਂਚ ਲਈ ਏਐੱਸਆਈ ਰਣਜੀਤ ਸਿੰਘ ਦੀ ਡਿਊਟੀ ਲਗਾਈ ਗਈ ਹੈ।