ਗੁਰਬਰਿੰਦਰ ਸਿੰਘ, ਸ੍ਰੀ ਗੋਇੰਦਵਾਲ ਸਾਹਿਬ : ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚ ਅਚਾਨਕ ਕੀਤੀ ਚੈਕਿੰਗ ਦੇ ਦੌਰਾਨ ਜੇਲ੍ਹ ਕਰਮਚਾਰੀਆਂ ਨੇ ਤਿੰਨ ਮੋਬਾਈਲ ਫੋਨਾਂ ਤੋਂ ਇਲਾਵਾ ਹੋਰ ਸਮੱਗਰੀ ਬਰਾਮਦ ਕਰ ਕੇ ਦੋ ਲੋਕਾਂ ਵਿਰੁੱਧ ਥਾਣਾ ਸ੍ਰੀ ਗੋਇੰਦਵਾਲ ਸਾਹਿਬ 'ਚ ਕਾਰਵਾਈ ਕਰਵਾਈ ਹੈ। ਜਦੋਂਕਿ ਬਰਾਮਦ ਹੋਇਆ ਸਾਮਾਨ ਥਾਣੇ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।
ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸ਼ਾਮ ਕਰੀਬ ਸਾਢੇ 7 ਵਜੇ ਸੂਚਨਾ ਮਿਲੀ ਸੀ ਕਿ ਬੈਰਕ ਨੰਬਰ 10 ਵਿਚ ਕੁਝ ਲੋਕਾਂ ਵੱਲੋਂ ਮੋਬਾਈਲ ਫੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਸਦੇ ਚਲਦਿਆਂ ਅਚਾਨਕ ਚੈਕਿੰਗ ਕੀਤੀ ਗਈ ਤਾਂ ਬੈਰਕ ਨੰਬਰ 10/6 'ਚ ਬੰਦ ਤਰਸੇਮ ਸਿੰਘ ਕੈਰੋਂ ਪੁੱਤਰ ਜਗਮੋਹਨ ਸਿੰਘ ਵਾਸੀ ਕੈਰੋਂ ਜੋ ਹੁਣ ਸਰਹਾਲੀ ਰਹਿੰਦਾ ਹੈ ਤੋਂ ਇਲਾਵਾ ਵਿਸ਼ਾਲ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਧਗਾਣਾ ਕੋਲੋਂ ਦੋ ਮੋਬਾਈਲ ਫੋਨ ਸਮੇਤ ਚਾਰਜਰ ਅਤੇ ਹੈੱਡ ਫੋਨ ਬਰਾਮਦ ਹੋਏ। ਜਦੋਂਕਿ ਇਕ ਮੋਬਾਈਲ ਫੋਨ, ਚਾਰਜਰ ਅਤੇ ਹੈੱਡ ਫੋਨ ਲਾਵਾਰਿਸ ਬਰਾਮਦ ਹੋਇਆ। ਇਸ ਤੋਂ ਇਲਾਵਾ ਇਕ ਡਾਟਾ ਕੇਬਲ, ਦੋ ਸਿੰਮ ਕਾਰਡ ਵੀ ਬਰਾਮਦ ਹੋਏ। ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਏਐੱਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਉਕਤ ਸਾਮਾਨ ਨੂੰ ਕਬਜ਼ੇ ਵਿਚ ਲੈ ਲਿਆ ਹੈ। ਜਦੋਂਕਿ ਤਰਸੇਮ ਸਿੰਘ ਅਤੇ ਵਿਸ਼ਾਲ ਸਿੰਘ ਨੂੰ ਨਾਮਜ਼ਦ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।