ਜਸਪਾਲ ਸਿੰਘ ਜੱਸੀ, ਤਰਨਤਾਰਨ
ਭਾਰਤੀ ਚੋਣ ਕਮਿਸ਼ਨਰ ਵੱਲੋਂ ਜਾਰੀ ਕੀਤੀ ਗਿਆ 'ਸੁਵਿਧਾ ਪੋਰਟਲ' ਆਨਲਾਈਨ ਨਾਮਜ਼ਦਗੀ ਪੱਤਰ ਭਰਨ ਅਤੇ ਮਨਜ਼ੂਰੀ ਆਦਿ ਲੈਣ ਲਈ ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਲਈ ਬਹੁਤ ਹੀ ਢੁੱਕਵਾਂ ਪਲੇਟਫਾਰਮ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੋਰਟਲ 'ਤੇ ਜਾ ਕੇ ਉਮੀਦਵਾਰ ਆਪਣਾ ਅਕਾਊਂਟ ਬਣਾ ਕੇ ਨਾਮਜ਼ਦਗੀ ਪੱਤਰ ਭਰਨ ਨਾਲ ਸਬੰਧਤ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਆਨਲਾਈਨ ਭਰਨ ਤੋਂ ਇਲਾਵਾ ਜ਼ਮਾਨਤੀ ਰਾਸ਼ੀ ਜਮ੍ਹਾਂ ਕਰਵਾਉਣ ਅਤੇ ਰਿਟਰਨਿੰਗ ਅਫ਼ਸਰ ਅੱਗੇ ਪੇਸ਼ ਹੋਣ ਲਈ ਅਗਾਊੂਂ ਸਮਾਂ ਲੈਣ ਵਿਚ ਇਹ ਆਨਲਾਈਨ ਪੋਰਟਲ ਬੜਾ ਸਹਾਇਕ ਸਿੱਧ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਕ ਵਾਰ ਆਨਲਾਈਨ ਨਾਮਜ਼ਦਗੀ ਫ਼ਾਰਮ ਭਰਨ ਉਪਰੰਤ, ਉਮੀਦਵਾਰ ਇਸ ਦਾ ਪਿੰ੍ਟ ਲੈ ਕੇ, ਉਸ ਨੂੰ ਤਸਦੀਕ ਕਰਵਾ ਕੇ ਅਤੇ ਲੋੜੀਂਦੇ ਦਸਤਾਵੇਜ਼ ਨਾਲ ਲਗਾ ਕੇ, ਇਸ ਨੂੰ ਰਿਟਰਨਿੰਗ ਅਫ਼ਸਰ ਅੱਗੇ ਜਾ ਕੇ ਨਿੱਜੀ ਤੌਰ 'ਤੇ ਪੇਸ਼ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਤੋਂ ਇਲਾਵਾ ਨਾਮਜ਼ਦਗੀ ਭਰਨ ਦੀ ਆਫ਼ਲਾਈਨ ਪ੍ਰਕਿਰਿਆ ਵੀ ਮੌਜੂਦ ਹੈ, ਪਰੰਤੂ ਆਨਲਾਈਨ ਫ਼ਾਰਮ ਭਰਨ ਨਾਲ ਗ਼ਲਤੀਆਂ ਦੀ ਗੁੰਜਾਇਸ਼ ਬਹੁਤ ਹੀ ਘੱਟ ਹੋ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਸੁਵਿਧਾ ਪੋਰਟਲ ਦਾ ਦੂਸਰਾ ਲਾਭ ਉਮੀਦਵਾਰਾਂ/ਰਾਜਸੀ ਪਾਰਟੀਆਂ ਨੂੰ ਮੀਟਿੰਗਾਂ, ਰੈਲੀਆਂ, ਲਾਊਡ ਸਪੀਕਰਾਂ, ਆਰਜ਼ੀ ਚੋਣ ਦਫ਼ਤਰਾਂ ਲਈ ਮਨਜ਼ੂਰੀਆਂ ਲੈਣ 'ਚ ਵੀ ਆਸਾਨੀ ਹੋਣਾ ਹੈ, ਜਿਸ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ।
ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਗੂਗਲ ਪਲੇਅ ਸਟੋਰ 'ਤੇ ਉਪਲੱਬਧ ਸੁਵਿਧਾ ਕੈਂਡੀਡੇਟ ਐਪ ਕੋਵਿਡ-19 ਦੇ ਮੱਦੇਨਜ਼ਰ ਮੀਟਿੰਗਾਂ/ਰੈਲੀਆਂ ਲਈ ਜਨਤਕ ਥਾਵਾਂ ਦੀ ਉਪਲੱਬਧਤਾ ਨੂੰ ਆਸਾਨ ਬਣਾਏਗੀ। ਇਸ ਨਾਲ ਨਾਮਜ਼ਦਗੀ ਅਤੇ ਮਨਜ਼ੂਰੀ ਦੀ ਸਥਿਤੀ ਨੂੰ ਵੀ ਜਾਣਿਆ ਜਾ ਸਕੇਗਾ।
ਉਨ੍ਹਾਂ ਦੱਸਿਆ ਕਿ ਮੋਬਾਇਲ ਅਧਾਰਿਤ ਸੀ-ਵਿਜ਼ਲ ਐਪ ਆਮ ਲੋਕਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀ ਆਨਲਾਈਨ ਸ਼ਿਕਾਇਤ ਦਾ ਮੰਚ ਮੁਹੱਈਆ ਕਰਦੀ ਹੈ। ਇਸ ਐਪ ਨੂੰ ਮੋਬਾਈਲ 'ਤੇ ਡਾਊਬਲੋਡ ਕਰਕੇ, ਕੋਈ ਵੀ ਵਿਅਕਤੀ ਕਿਸੇ ਵੀ ਥਾਂ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਦੀ ਫ਼ੋਟੋ ਜਾਂ ਵੀਡਿਓ ਅਪਲੋਡ ਕਰ ਸਕਦਾ ਹੈ, ਜਿਸ 'ਤੇ 100 ਮਿੰਟ 'ਚ ਕਾਰਵਾਈ ਮੁਕੰਮਲ ਕੀਤੀ ਜਾਂਦੀ ਹੈ। ਇਹ ਐਪ ਐਂਡਰਾਇਡ ਅਤੇ ਐਪਲ ਦੋਵਾਂ ਪਲੇਟਫ਼ਾਰਮਾਂ 'ਤੇ ਮੌਜੂਦ ਹੈ।
'ਕੈਂਡੀਡੇਟ ਐਫ਼ੀਡੇਵਿਟ ਪੋਰਟਲ' ਨੂੰ ਵੋਟਰਾਂ ਲਈ ਪਾਰਦਰਸ਼ਤਾ ਦਾ ਇਕ ਹੋਰ ਮਹੱਤਵਪੂਰਨ ਮੰਚ ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੋਰਟਲ ਰਾਹੀਂ ਕਿਸੇ ਵੀ ਹਲਕੇ 'ਚ ਚੋਣ ਲੜ ਰਹੇ ਸਮੂਹ ਉਮੀਦਵਾਰਾਂ ਦੀ ਸੂਚੀ, ਉਨ੍ਹਾਂ ਦੇ ਵੇਰਵੇ, ਨਾਮਜ਼ਦਗੀ ਸਥਿਤੀ ਅਤੇ ਉਨ੍ਹਾਂ ਵੱਲੋਂ ਲਾਏ ਗਏ ਹਲਫ਼ੀਆ ਬਿਆਨ ਆਮ ਲੋਕਾਂ ਦੀ ਪਹੁੰਚ 'ਚ ਹੋਣਗੇ।
ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ 'ਤੇ ਮੌਜੂਦ 'ਪੀ ਡਬਲਯੂਡੀ ਐਪ' ਨੂੰ ਦਿਵਿਆਂਗ ਵੋਟਰਾਂ ਲਈ ਬਹੁਤ ਹੀ ਲਾਭਦਾਇਕ ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਐਪਲੀਕੇਸ਼ਨ ਦੇ ਮਾਧਿਅਮ ਰਾਹੀਂ ਮੋਬਾਈਲ 'ਤੇ ਹੀ ਦਿਵਿਆਂਗ ਵੋਟਰਾਂ ਦੀ ਸ਼ਨਾਖ਼ਤ, ਨਵਾਂ ਵੋਟ ਬਣਵਾਉਣ, ਮਤਦਾਤਾ ਫ਼ੋਟੋ ਸ਼ਨਾਖ਼ਤੀ ਕਾਰਡ 'ਚ ਦਰਸੁਤੀ, ਮਤਦਾਨ ਵਾਲੇ ਦਿਨ ਵ੍ਹੀਲਚੇਅਰ ਦੀ ਲੋੜ ਆਦਿ ਬਾਰੇ ਮੱਦਦ ਕਰੇਗੀ।
'ਵੋਟਰ ਟਰਨ ਆਊਟ ਐਪ' ਜੋ ਕਿ ਗੂਗਲ ਸਟੋਰ 'ਤੇ ਉਪਲਬਧ ਹੈ, ਨੂੰ ਮਤਦਾਨ ਵਾਲੇ ਦਿਨ ਆਮ ਲੋਕਾਂ, ਰਾਜਸੀ ਪਾਰਟੀਆਂ ਅਤੇ ਮੀਡੀਆ ਲਈ ਲਾਭਕਾਰੀ ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਐਪ ਦੀ ਮਦਦ ਨਾਲ ਕਿਹੜੇ ਹਲਕੇ 'ਚ ਕਿੰਨਾ ਮਤਦਾਨ ਹੋਇਆ, ਬਾਰੇ ਜਾਣਕਾਰੀ ਮੋਬਾਇਲ 'ਤੇ ਹੀ ਮੁਹੱਈਆ ਹੋ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਆਮ ਲੋਕਾਂ, ਮਤਦਾਤਾਵਾਂ, ਚੋਣ ਲੜ ਰਹੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਇਨਾਂ੍ਹ ਆਈਟੀ ਐਪਲੀਕੇਸ਼ਨਾਂ ਪੋਰਟਲ ਤੇ ਮੋਬਾਈਲ ਐਪਸ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ।