ਗੁਰਬਰਿੰਦਰ ਸਿੰਘ, ਫਤਿਆਬਾਦ
ਸਵ. ਮਾਸਟਰ ਮੱਖਣ ਸਿੰਘ ਸਪਾਰੀਵਿੰਡੀਆ ਤੇ ਮਾਤਾ ਪ੍ਰਰੀਤਮ ਕੌਰ ਦੀ ਯਾਦ ਵਿਚ ਕੈਂਸਰ ਚੈੱਕਅਪ ਤੇ ਜਾਗਰੂਕਤਾ ਕੈਂਪ ਦਾ ਆਯੋਜਨ ਕੁਲਵੰਤ ਸਿੰਘ ਸ਼ਾਹ ਪਰਿਵਾਰ ਯੂਐੱਸਏ ਵੱਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਫਤਿਆਬਾਦ ਦੇ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਵਿਖੇ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਪਦਮ ਸ਼੍ਰੀ ਸੰਤ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੇ ਸੇਵਾਦਾਰ ਵੱਲੋਂ ਅਰਦਾਸ ਉਪਰੰਤ ਕੀਤਾ ਗਿਆ। ਇਸ ਮੌਕੇ ਵਰਲਡ ਕੈਂਸਰ ਕੇਂਅਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਕੁਲਵੰਤ ਸਿੰਘ ਧਾਲੀਵਾਲ ਨੇ ਕੈਂਪ 'ਚ ਪਹੁੰਚੀ ਸੰਗਤ ਨੂੰ ਜਾਗਰੂਕ ਕਰਦੇ ਕਿਹਾ ਕਿ ਕੈਂਸਰ ਭਿਅੰਕਰ ਰੋਗ ਹੈ, ਜੋ ਮਨੁੱਖ ਜਾਤੀ ਦਾ ਵੱਡਾ ਦੁਸ਼ਮਣ ਹੈ ਇਸ ਤੋਂ ਬਚਣ ਲਈ ਮਨੁੱਖ ਨੂੰ ਕੁਦਰਤੀ ਢੰਗ ਨਾਲ ਆਪਣੀ ਅਮਿਊਨ ਸਿਸਟਮ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਪਵੇਗਾ। ਉਨ੍ਹਾਂ ਕੈਂਸਰ ਤੋਂ ਬਚਣ ਲਈ ਮਿਲਾਵਟ ਰਹਿਤ ਸਾਦਾ ਭੋਜਨ ਖਾਣ ਤੇ ਸਾਦਾ ਜੀਵਨ ਬਿਤਾਉਣ ਲਈ ਪੇ੍ਰਿਤ ਕੀਤਾ। ਇਸ ਕੈਂਸਰ ਜਾਗਰੂਕਤਾ ਕੈਂਪ ਵਿਚ ਵੱਡੀ ਗਿਣਤੀ 'ਚ ਇਲਾਕਾ ਵਾਸੀਆਂ ਨੇ ਆਪਣਾ ਚੈੱਕਅਪ ਕਰਵਾਇਆ। ਇਸ ਸਮੇਂ ਬੀਪੀ, ਸ਼ੂਗਰ, ਹੱਡੀਆਂ ਆਦਿ ਦੇ ਟੈਸਟ ਵੀ ਕਰਵਾਏ ਗਏ ਅਤੇ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਕੈਂਪ ਦੀ ਸਫਲਤਾ 'ਚ ਡਾ. ਜਸਬੀਰ ਸਿੰਘ, ਰੁਪਿੰਦਰ ਸਿੰਘ ਰੂਪਾ ਨੇ ਵਿਸ਼ੇਸ਼ ਸਹਿਯੋਗ ਦਿੱਤਾ।