ਪੱਤਰ ਪ੍ਰੇਰਕ, ਤਰਨਤਾਰਨ : ਸਵਿਮਿੰਗ ਪੂਲ ’ਤੇ ਨਹਾਉਂਦਿਆਂ ਬੱਚਿਆਂ ਨੂੰ ਪਰੇਸ਼ਾਨ ਕਰਨ ਤੋਂ ਰੋਕਣ ਦੀ ਰੰਜਿਸ਼ ਦੇ ਤਹਿਤ ਇਕ ਨੌਜਵਾਨ ਦੇ ਘਰ ਅੱਗੇ ਕਥਿਤ ਤੌਰ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਅੱਧਾ ਦਰਜਨ ਲੋਕਾਂ ਵਿਰੁੱਧ ਵੱਖ ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾਂ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿਲਸ਼ੇਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਪਿੰਡ ਖੱਖ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਦੋਸਤਾਂ ਸਣੇ ਜੰਡਿਆਲਾ ਗੁਰੂ ਦੇ ਇਕ ਸਵਿਮਿੰਗ ਪੂਲ ਵਿਚ ਨਹਾਉਣ ਲਈ ਗਏ ਸੀ। ਜਿਥੇ ਉਸਦੇ ਪਿੰਡ ਦੇ ਕੁੱਝ ਬੱਚੇ ਅਤੇ ਜੁਗਰਾਜ ਸਿੰਘ ਪੁੱਤਰ ਬਲਵਿੰਦਰ ਸਿੰਘ ਵੀ ਨਹਾ ਰਿਹਾ ਸੀ। ਉਸਨੇ ਦੇਖਿਆ ਕਿ ਜੁਗਰਾਜ ਸਿੰਘ ਵਾਰ ਵਾਰ ਬੱਚਿਆਂ ਨੂੰ ਡੂੰਘੇ ਪਾਣੀ ਵਿਚ ਗੋਤੇ ਦੇ ਰਿਹਾ ਸੀ। ਜਿਸ ਨੂੰ ਉਸਨੇ ਰੋਕਿਆ ਤਾਂ ਉਹ ਉਸ ਨਾਲ ਬਹਿਸਬਾਜੀ ਕਰਨ ਲੱਗਾ ਪਿਆ। ਜੁਗਰਾਜ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਾਪਸ ਆ ਗਏ ਤਾਂ ਜੁਗਰਾਜ ਸਿੰਘ ਨੇ ਉਸ ਨੂੰ ਫੋਨ ’ਤੇ ਧਮਕੀਆਂ ਦਿੱਤੀਆਂ। ਜਦੋਂਕਿ ਰਾਤ ਕਰੀਬ ਸਵਾ 9 ਵਜੇ ਜੁਗਰਾਜ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਹਮੇਸ਼ ਸਿੰਘ ਪੁੱਤਰ ਬਲਜੀਤ ਸਿੰਘ ਚਾਰ ਹੋਰ ਅਣਪਛਾਤੇ ਲੋਕਾਂ ਸਣੇ ਉਸਦੇ ਘਰ ਦੇ ਅੱਗੇ ਆਏ। ਉਸਨੇ ਛੱਤ ’ਤੇ ਜਾ ਕੇ ਵੇਖਿਆ ਤਾਂ ਜੁਗਰਾਜ ਸਿੰਘ ਨੇ ਚਾਰ ਗੋਲੀਆਂ ਹਵਾ ਵਿਚ ਚਲਾ ਦਿੱਤੀਆਂ। ਲੋਕ ਇਕੱਠੇ ਹੋਏ ਤਾਂ ਸਾਰੇ ਮੁਲਜ਼ਮ ਭੱਜ ਗਏ। ਹਾਲਾਂਕਿ ਕਾਹਲੀ ਵਿਚ ਜੁਗਰਾਜ ਸਿੰਘ ਅਤੇ ਹਮੇਸ਼ ਸਿੰਘ ਦਾ ਮੋਟਰਸਾਈਕਲ ਪੀਬੀ02 ਡੀਐੱਸ 2957 ਸਲਿੱਪ ਹੋਣ ਕਰਕੇ ਡਿੱਗ ਪਿਆ। ਜਿਸ ਨੂੰ ਉਹ ਉੱਥੇ ਹੀ ਛੱਡ ਕੇ ਆਪਣੇ ਸਾਥੀਆਂ ਦੇ ਵਾਹਨ ਰਾਂਹੀ ਫਰਾਰ ਹੋ ਗਏ। ਮੌਕੇ ’ਤੇ ਪਹੁੰਚੇ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਉਕਤ ਮੋਟਰਸਾਈਕਲ ਅਤੇ 32 ਬੋਰ ਪਿਸਤੋਲ ਦੇ ਦੋ ਚੱਲੇ ਕਾਰਤੂਸ ਬਰਾਮਦ ਕੀਤੇ ਗਏ ਹਨ। ਜਦੋਂਕਿ ਦੋਵਾਂ ਮੁਲਜ਼ਮਾਂ ਸਣੇ ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ।