ਮੁਕੇਸ਼ ਸਿੰਗਲਾ, ਭਵਾਨੀਗੜ੍ਹ : ਨੇੜਲੇ ਪਿੰਡ ਬਾਸੀਅਰਖ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸੀ ਜਾ ਰਹੀ ਹੈ। ਪਰਿਵਾਰ ਨੇ ਪਿੰਡ ਦੇ ਦੋ ਲੋਕਾਂ 'ਤੇ ਨਸ਼ਾ ਦੇਣ ਦੇ ਦੋਸ਼ ਲਗਾਏ ਹਨ ਹਾਲਾਂਕਿ ਦੂਜੇ ਪਾਸੇ ਪੁਲਿਸ ਵੱਲੋੰ ਮਾਮਲੇ ਸਬੰਧੀ ਅਣਜਾਣਤਾ ਜਾਹਿਰ ਕੀਤੀ ਗਈ ਹੈ।
ਪਿੰਡ ਦੇ ਸਰਪੰਚ ਕੇਵਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਸਾਲਾ ਸ਼ਗਨਦੀਪ ਸਿੰਘ ਖ਼ੇਤੀਬਾੜੀ ਦਾ ਕੰਮਕਾਰ ਕਰਦਾ ਸੀ ਜਿਸਨੇ ਬੀਤੀ ਸ਼ਾਮ ਖ਼ੇਤ ਵਾਲੀ ਮੋਟਰ ’ਤੇ ਜਾ ਕੇ ਪੰਨੀ ਨਾਲ ਚਿੱਟੇ ਦੀ ਓਵਰਡੋਜ ਲੈ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਦੋ ਬੱਚਿਆਂ ਦਾ ਬਾਪ ਸੀ। ਲਾਸ਼ ਦੇ ਸਿਰਹਾਣੇ ਬੈਠੀ ਮ੍ਰਿਤਕ ਨੌਜਵਾਨ ਦੀ ਮਾਤਾ ਨੇ ਰੋਂਦਿਆਂ ਕੁਰਲਾਉਂਦਿਆਂ ਕਿਹਾ ਕਿ ਪਿੰਡ ਦੇ ਦੋ ਵਿਅਕਤੀਆਂ ਨੇ ਜਾਣਬੁੱਝ ਕੇ ਉਸਦੇ ਪੁੱਤ ਨੂੰ ਨਸ਼ੇ ਦੀ ਦਲਦਲ 'ਚ ਧੱਕ ਦਿੱਤਾ ਤੇ ਨਸ਼ੇ ਕਾਰਨ ਹੀ ਉਸਦੇ ਪੁੱਤਰ ਦੀ ਮੌਤ ਹੋਈ ਹੈ। ਉਸਨੇ ਕਿਹਾ ਕਿ ਉਸਦੇ ਪੁੱਤਰ ਨੂੰ ਨਸ਼ੇ 'ਤੇ ਲਾਉਣ ਵਾਲਿਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਓਧਰ, ਭਵਾਨੀਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਪੁਲਸ ਨੂੰ ਇਸ ਸਬੰਧੀ ਪਰਿਵਾਰ ਕੋਲੋੰ ਕੋਈ ਸ਼ਿਕਾਇਤ ਪ੍ਰਾਪਤ ਨਹੀੰ ਹੋਈ। ਸ਼ਿਕਾਇਤ ਮਿਲਣ 'ਤੇ ਕਾਰਵਾਈ ਕੀਤੀ ਜਾਵੇਗੀ।