ਦਰਸ਼ਨ ਸਿੰਘ ਚੌਹਾਨ, ਸੁਨਾਮ : ਪੰਜਾਬ ਅੰਦਰ ਕੋਰੋਨਾ ਦੀ ਆਈ ਤੀਜ਼ੀ ਲਹਿਰ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਨਾਮੁਰਾਦ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਦਿਆਂ ਟੀਕਾਕਰਨ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਅਤੇ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਕੌਹਰੀਆਂ ਡਾਕਟਰ ਸਤਿੰਦਰ ਕੌਰ ਦੀ ਅਗਵਾਈ ਹੇਠ ਸਬ ਸੈਂਟਰ ਲਖਮੀਰਵਾਲਾ ਅਧੀਨ ਆਉਂਦੇ ਪਿੰਡਾਂ ਭਰੂਰ, ਚੱਠੇ ਨਕਟੇ ਵਿਖੇ ਸਿਹਤ ਵਿਭਾਗ ਦੇ ਕਰਮਚਾਰੀ ਗੁਰਪ੍ਰਰੀਤ ਸਿੰਘ ਮੰਗਵਾਲ ਅਤੇ ਜਸਵੀਰ ਕੌਰ ਦੀ ਅਗਵਾਈ ਹੇਠ ਤਕਰੀਬਨ ਡੇਢ ਸੌ ਤੋਂ ਉੱਪਰ ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਕਰਮਚਾਰੀ ਗੁਰਪ੍ਰਰੀਤ ਸਿੰਘ ਮੰਗਵਾਲ ਨੇ ਕਿਹਾ ਕਿ ਰੋਜ਼ਾਨਾ ਹਰ ਇਕ ਸਬ ਸੈਂਟਰ 'ਤੇ ਟੀਕਾਕਰਨ ਹੋ ਰਿਹਾ ਹੈ। ਸਮੁੱਚੇ ਦੇਸ਼ ਵਿਚ ਇਕ ਸਾਲ ਪਹਿਲਾਂ ਇਹ ਮੁਹਿੰਮ ਸ਼ੁਰੂ ਹੋਈ ਸੀ, ਜਿਸ ਅਧੀਨ ਤਕਰੀਬਨ ਨੱਬੇ ਫ਼ੀਸਦੀ ਤੋਂ ਉੱਪਰ ਆਬਾਦੀ ਦੇ ਵੈਕਸੀਨੇਸ਼ਨ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਸਿਹਤ ਵਿਭਾਗ ਵੱਲੋਂ ਕੈਂਪਾਂ ਦੌਰਾਨ ਕੋਵੀਸੀਲਡ ਅਤੇ ਕੋਵੈਕਸੀਨ ਦੋਵੇਂ ਲਾਈਆਂ ਜਾ ਰਹੀਆਂ ਹਨ ਅਤੇ 15 ਤੋਂ 18 ਸਾਲਾਂ ਦੇ ਬੱਚਿਆਂ ਲਈ ਕੋਵੈਕਸੀਨ ਲਾਈ ਜਾ ਰਹੀ ਹੈ । ਇਸੇ ਤਰ੍ਹਾਂ 60 ਸਾਲ ਤੋਂ ਵਧੇਰੇ ਉਮਰ ਵਾਲਿਆਂ ਦੇ ਜਿੰਨਾ ਨੂੰ ਡੋਜ਼ ਲੱਗੀ ਨੂੰ ਨੌਂ ਮਹੀਨੇ ਲੰਘ ਚੁੱਕੇ ਹਨ, ਤੀਜ਼ੀ ਡੋਜ਼ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਮਾਸਕ ਪਹਿਨਣਾ ਅਤੇ ਆਪਸੀ ਦੂਰੀ ਬਣਾ ਕੇ ਰੱਖਣੀ ਜ਼ਰੂਰੀ ਹੈ। ਇਸ ਮੌਕੇ ਆਸ਼ਾ ਵਰਕਰ ਕਰਮਜੀਤ ਕੌਰ, ਆਂਗਨਵਾੜੀ ਵਰਕਰ ਪਰਮਜੀਤ ਕੌਰ, ਗੁਰਪ੍ਰਰੀਤ ਕੌਰ, ਸਰਪੰਚ ਬਲਵਿੰਦਰ ਕੌਰ ਆਦਿ ਹਾਜ਼ਰ ਸਨ।