ਸ਼ੰਭੂ ਗੋਇਲ, ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਚੋਣਾਂ ਦੇ ਮੁਕਾਬਲੇ ਜਾਗਿ੍ਤੀ ਚੇਤਨਾ ਮੁਹਿੰਮ ਚਲਾਉਣ ਦੇ ਤਹਿਤ ਐਤਵਾਰ ਨੂੰ ਪਿੰਡ ਚੋਟੀਆਂ ਵਿਖੇ ਕੋਰੋਨਾ ਦੀਆਂ ਹਦਾਇਤਾਂ ਦਾ ਖਿਆਲ ਰੱਖਦੇ ਹੋਏ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਬਲਾਕ ਦੇ ਕਾਰਜਕਾਰੀ ਪ੍ਰਧਾਨ ਲੀਲਾ ਸਿੰਘ ਚੋਟੀਆਂ ਤੇ ਬਲਾਕ ਆਗੂ ਰਾਮਚੰਦ ਸਿੰਘ ਚੋਟੀਆਂ ਨੇ ਕਿਹਾ ਕਿ ਜਥੇਬੰਦੀ ਦੀ ਸਮਝ ਚੋਣ ਬਾਈਕਾਟ ਦੀ ਨਹੀਂ, ਸਗੋਂ ਨਿਰਪੱਖ ਰਹਿਣ ਦੀ ਹੈ। ਜਿਸ ਮੁਤਾਬਕ ਪਿੰਡ ਕਮੇਟੀ ਤੋਂ ਲੈਕੇ ਸੂਬਾ ਕਮੇਟੀ ਤੱਕ ਕਿਸੇ ਵੀ ਕਿਸਮ ਦੀ ਚੋਣ 'ਚ ਹਿੱਸਾ ਨਹੀਂ ਲੈ ਸਕਦੇ ਤੇ ਨਾ ਹੀ ਕਿਸੇ ਉਮੀਦਵਾਰ ਦੀ ਹਮਾਇਤ ਕਰ ਸਕਦੇ ਹਾਂ। ਆਪਣੇ ਹਕੀਕੀ ਮੁੱਦਿਆਂ ਦੀ ਪਛਾਣ ਕਰਨ ਅਤੇ ਪਛਾਣ ਕੀਤੇ ਆਪਣੇ ਇੰਨਾਂ ਮੁੱਦਿਆ 'ਤੇ ਸਭਨਾਂ ਚੋਣ ਪਾਰਟੀਆਂ ਨੂੰ ਸਵਾਲ ਕਰਨ ਅਤੇ ਇੰਨਾਂ ਮੁੱਦਿਆ ਦੇ ਹੱਲ ਲਈ ਅਸੈਂਬਲੀਆਂ ਤੇ ਪਾਰਲੀਮੈਂਟਾਂ ਦੀ ਥਾਂ ਸਾਂਝੇ ਸੰਘਰਸ਼ਾਂ 'ਤੇ ਟੇਕ ਰੱਖਣ। ਉਨਾਂ੍ਹ ਕਿਹਾ ਕਿ ਮੌਕੇ ਦੇ ਬਰਸਾਤੀ ਡੱਡੂ ਅੱਜ ਕੱਲ੍ਹ ਪਿੰਡਾ ਵਿੱਚ ਘੁੰਮ ਰਹੇ ਹਨ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਹ ਸਾਰੀਆਂ ਪਾਰਟੀਆਂ ਇਕ-ਦੂਜੇ 'ਤੇ ਚਿੱਕੜ ਸੁੱਟ ਰਹੀਆਂ ਹਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪਿੰਡਾਂ 'ਚ ਭਾਈਚਾਰਕ ਸਾਂਝ ਰੱਖਣ ਲਈ ਜਥੇਬੰਦੀ ਵੱਲੋਂ ਜਾਗਿ੍ਤੀ ਚੇਤਨਾ ਮੁਹਿੰਮ ਵਿੱਢੀ ਗਈ ਹੈ। ਵੋਟਾਂ ਤੋਂ ਪਾਸਾ ਵੱਟ ਕੇ ਸੰਘਰਸ਼ਾਂ ਦੇ ਰਾਹ ਪਵੋ, ਸ਼ੰਘਰਸ਼ਾਂ ਤੋਂ ਬਿਨਾਂ ਸਾਡੀ ਮੁਕਤੀ ਦਾ ਕੋਈ ਹੱਲ ਨਹੀਂ ਹੈ। ਇਸ ਮੌਕੇ ਪਿੰਡ ਇਕਾਈ ਪ੍ਰਧਾਨ ਟੇਕ ਸਿੰਘ, ਖਜਾਨਚੀ ਗੁਰਮੇਲ ਸਿੰਘ, ਮਿੱਠੂ ਸਿੰਘ, ਨਿਰਮਲ ਸਿੰਘ, ਭੂਰਾ ਸਿੰਘ ਅਤੇ ਅੌਰਤ ਵਿੰਗ ਦੀ ਇਕਾਈ ਪ੍ਰਧਾਨ ਕਰਨੈਲ ਕੌਰ, ਲਾਭ ਕੌਰ, ਪਰਮਜੀਤ ਕੌਰ ਅੰਗਰੇਜ਼ ਕੋਰ, ਅਮਰਜੀਤ ਕੌਰ ਤੋਂ ਇਲਾਵਾ ਹੋਰ ਨਗਰ ਨਿਵਾਸੀ ਵੀ ਹਾਜ਼ਰ ਸਨ।