ਸ਼ੰਭੂ ਗੋਇਲ, ਲਹਿਰਾਗਾਗਾ
ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੀਆਂ ਵੋਟਾਂ ਵੇਲੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵਾਅਦਾ ਕੀਤਾ ਸੀ, ਪਰ ਉਸ ਦੇ ਉਲਟ ਪਾਵਰਕਾਮ ਦੀ ਮੈਨੇਜਮੈਂਟ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਰੁਜ਼ਗਾਰ ਖੋਹ ਰਹੀ ਹੈ। ਇਸ ਸਬੰਧੀ ਬੇਰੁਜ਼ਗਾਰ ਸਹਾਇਕ ਲਾਈਨਮੈਨ ਯੂਨੀਅਨ ਨੇ ਪਾਵਰਕਾਮ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਬੇਰੁਜ਼ਗਾਰ ਸਹਾਇਕ ਲਾਈਨਮੈਨ ਯੂਨੀਅਨ ਦੇ ਆਗੂ ਪਵਿੱਤਰ ਸਿੰਘ ਲਹਿਰਾਗਾਗਾ ਨੇ ਕਿਹਾ ਕਿ ਸਰਕਾਰ ਪਾਵਰਕਾਮ ਦੀ ਮੈਨੇਜਮੈਂਟ ਅਦਾਰੇ ਅੰਦਰ 1690 ਸਹਾਇਕ ਲਾਈਨਮੈਨਾਂ ਦੀ ਭਰਤੀ ਕਰਨ ਜਾ ਰਹੀ ਹੈ ਤੇ ਉਸ ਉਪਰ ਲਿਖਤੀ ਟੈਸਟ ਰੱਖਣ ਦੀ ਤਿਆਰੀ ਕਰ ਰਹੀ ਹੈ, ਜੋ ਕਿ ਸਾਡੇ ਨਾਲ ਸਰਾਸਰ ਧੱਕਾ ਹੈ ਕਿਉਂਕਿ ਇਹ ਟੈਸਟ ਏਨਾ ਅੌਖਾ ਤੇ ਆਈਏਐੱਸ ਪੱਧਰ ਦਾ ਹੁੰਦਾ ਹੈ, ਜਿਸ ਨੂੰ ਪਾਸ ਕਰਨਾ ਬਹੁਤ ਹੀ ਅੌਖਾ ਹੈ। ਪਵਿੱਤਰ ਸਿੰਘ ਨੇ ਕਿਹਾ ਕਿ ਅਸੀਂ ਪਹਿਲਾਂ ਹੀ 2 ਸਾਲ ਦੀ ਆਈਟੀਆਈ ਟੈਸਟ ਦੇ ਕੇ ਪਾਸ ਕੀਤੀ ਹੈ ਤੇ ਹੁਣ ਪਾਵਰਕਾਮ ਵਿੱਚ ਨੌਕਰੀ ਲੈਣ ਦੇ ਯੋਗ ਹੋ ਚੁੱਕੇ ਹਾਂ ਹੁਣ ਦੁਬਾਰਾ ਸਾਨੂੰ ਰੁਜਗਾਰ ਤੋਂ ਦੂਰ ਕਰਨ ਲਈ ਪਾਵਰਵਾਮ ਦੀ ਮੈਨੇਜਮੈਂਟ ਵੱਲੋਂ ਅੌਖੇ ਲਿਖਤੀ ਟੈਸਟ ਦੇਣ ਦੀ ਕੰਧ ਖੜ੍ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਾਡੀ ਭਰਤੀ ਲਈ ਲਿਖਤੀ ਟੈਸਟ ਰੱਦ ਕੀਤਾ ਜਾਵੇ, ਨਹੀਂ ਅਸੀਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਇਸ ਮੌਕੇ ਗੁਰਦੀਪ ਸਿੰਘ, ਕੁਲਵਿੰਦਰ ਸਿੰਘ, ਲੱਛਮਣ ਸਿੰਘ ਸਾਹਿਬ ਸਿੰਘ, ਮਨਦੀਪ ਸਿੰਘ, ਕਮਲ ਸਿੰਘ, ਜਗਸੀਰ ਸਿੰਘ ਆਦਿ ਹਾਜ਼ਰ ਸਨ।