ਕਰਮਜੀਤ ਸਿੰਘ ਸਾਗਰ, ਧਨੌਲਾ : ਰਾਜਗੜ੍ਹ-ਉੱਪਲੀ ਰਜਵਾਹੇ 'ਚ ਧਨੌਲੇ ਖੇਤਰ ਦੇ ਖੇਤਾਂ 'ਚ ਪਾੜ ਪੈ ਜਾਣ ਕਾਰਨ ਸੈਂਕੜੇ ਏਕੜ ਦੇ ਕਰੀਬ ਜ਼ਮੀਨ 'ਚ ਪਾਣੀ ਭਰ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਇਸ ਮੌਕੇ ਲਾਲਚੰਦ, ਦਿਆਲ ਚੰਦ, ਭੋਲਾ ਸਿੰਘ ਪੰਚ, ਗੁਰਦੇਵ ਸਿੰਘ ਭੰਗੂ, ਲੱਕੀ ਸ਼ਰਮਾ, ਵਿਜੇ ਕੁਮਾਰ ਪੰਚ, ਬਚਿੱਤਰ, ਮਨਮਿੰਦਰ ਸਿੰਘ ਮਾਨ, ਗਮਦੂਰ ਸਿੰਘ ਮਾਨ ਆਦਿ ਨੇ ਨਹਿਰੀ ਵਿਭਾਗ ਦੇ ਕਰਮਚਾਰੀਆਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਵਿਭਾਗ ਦੇ ਕਰਮਚਾਰੀ ਨੇ ਤਾਂ ਸਾਨੂੰ ਵਾਹਨ ਖਾਲੀ ਰੱਖਣ ਲਈ ਕਿਹਾ ਸੀ ਕਿ ਰਜਬਾਹੇ ਦੀ ਰਹਿੰਦੀ ਮੁਰੰਮਤ ਨੂੰ ਕਰਵਾਇਆ ਜਾਵੇ। ਜੇਕਰ ਮੁਰੰਮਤ ਨਹੀਂ ਕੀਤੀ ਗਈ ਤਾਂ ਰਜਬਾਹਾ ਕਦੋਂ ਵੀ ਕਿਸੇ ਸਮੇਂ ਵੀ ਟੁੱਟ ਸਕਦਾ ਹੈ, ਪਰ ਅਸੀਂ ਇਨ੍ਹਾਂ ਦੇ ਕਹਿਣ 'ਤੇ ਵਾਹਣਾਂ ਨੂੰ ਖ਼ਾਲੀ ਵੀ ਰੱਖਿਆ ਸੀ ਪਰ ਅੱਜ ਉਨ੍ਹਾਂ ਕਾਰਨਾਂ ਕਰਕੇ ਰਜਬਾਹਾ ਟੁੱਟ ਗਿਆ। ਜਿਸ ਕਰਕੇ ਵਾਹਣਾਂ 'ਚ ਪਾਣੀ ਭਰ ਗਿਆ। ਕਿਸਾਨਾਂ ਨੇ ਦੱਸਿਆ ਕਿ ਪਸ਼ੂਆਂ ਵਾਸਤੇ ਬੀਜੀ ਮੱਕੀ, ਹਰੇ ਚਾਰੇ ਚਰ੍ਹੀ ਤੇ ਜੀਰੀ ਦੀਆਂ ਪਨੀਰੀ ਆਦਿ 'ਚ ਪਾਣੀ ਭਰ ਜਾਣ ਨਾਲ ਸਾਡਾ ਨੁਕਸਾਨ ਹੋ ਗਿਆ ਹੈ। ਇਸ ਬਾਰੇ ਸਬੰਧਤ ਐੱਸਡੀਓ ਅਵਤਾਰ ਸਿੰਘ ਨੇ ਆਖਿਆ ਕਿ ਸਮੁੱਚਾ ਰਜਬਾਹਾ ਨਵੇਂ ਸਿਰਿਓਂ ਬਣਾਏ ਜਾਣ ਲਈ ਮਹਿਕਮੇ ਕੋਲ ਪ੍ਰਪੋਜ਼ਲ ਭੇਜੀ ਗਈ ਹੈ ਪਰ ਹਾਲੇ ਗ੍ਾਂਟ ਜਾਰੀ ਨਹੀਂ ਹੋਈ। ਉਨ੍ਹਾਂ ਇਹ ਵੀ ਆਖਿਆ ਕਿ ਪਏ ਪਾੜ ਨੂੰ ਤੁਰੰਤ ਮੁਕੰਮਲ ਕਰ ਕੇ ਪਾਣੀ ਚਾਲੂ ਕਰ ਦਿੱਤਾ ਜਾਵੇਗਾ ਤੇ ਕਿੰਨੇ ਖੇਤਰ 'ਚ ਪਾਣੀ ਭਰਿਆ ਗਿਆ ਹੈ, ਅਧਿਕਾਰੀਆਂ ਨੂੰ ਭੇਜ ਕੇ ਜਾਇਜ਼ਾ ਲਿਆ ਜਾਵੇਗਾ।