ਜਾਗਰਣ ਸੰਵਾਦਦਾਤਾ, ਸੰਗਰੂਰ : Sangrur Bypoll : ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੋਂ ਹੋਣ ਵਾਲੀ ਜਿਮਨੀ ਚੋਣ ਲਈ ਉਮੀਦਵਾਰਾਂ ਦੀ ਚਰਚਾ ਹੁਣ ਤੋਂ ਤੇਜ਼ ਹੋਣ ਲੱਗੀ ਹੈ। ਕਿਆਸ ਇਹ ਲਗਾਏ ਜਾ ਰਹੇ ਹਨ ਕਿ ਆਮ ਆਦਮੀ ਪਾਰਟੀ ਸੀਐੱਮ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੂੰ ਉਮੀਦਵਾਰ ਬਣਾ ਸਕਦਾ ਹੈ। ਉਹ ਸਿਆਸਤ 'ਚ ਪਿਛਲੇ ਕੁਝ ਸਮੇਂ ਤੋਂ ਸਰਗਰਮ ਹਨ। ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਲੋਕ ਸਭਾ ਮੈਂਬਰਸ਼ਿਪ ਤੋਂ ਦਿੱਤੇ ਅਸਤੀਫ਼ੇ ਕਾਰਨ ਸੰਗਰੂਰ ਲੋਕ ਸਭਾ ਸੀਟ ਖਾਲੀ ਹੋ ਗਈ ਹੈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਵੱਲੋਂ ਸੁਨੀਲ ਜਾਖੜ ਚੋਣ ਲੜ ਸਕਦੇ ਹਨ।
ਵਿਧਾਨ ਸਭਾ ਚੋਣਾਂ 'ਚ ਭਰਾ ਦੀ ਸੰਭਾਲੀ ਸੀ ਕੈਂਪੇਨ
ਮਨਪ੍ਰੀਤ ਕੌਰ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਕਾਫੀ ਸਰਗਰਮ ਦਿਸੀ ਸੀ। ਭਰਾ ਭਗਵੰਤ ਮਾਨ ਲਈ ਉਨ੍ਹਾਂ ਕਾਫੀ ਪ੍ਰਚਾਰ ਕੀਤਾ ਤੇ ਚੋਣ ਕੈਂਪੇਨ ਨੂੰ ਸੰਭਾਲਿਆ ਸੀ। 2019 ਦੀਆਂ ਲੋਕ ਸਭਾ ਚੋਣਾਂ 'ਚ ਵੀ ਉਹ ਕਾਫੀ ਸਰਗਰਮ ਰਹੀ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਤਾਂ ਭਗਵੰਤ ਮਾਨ ਦੀ ਧੂਰੀ ਸੀਟ ਉਨ੍ਹਾਂ ਦੇ ਜ਼ਿੰਮੇ ਹੀ ਸੀ। ਉਦੋਂ ਮਾਨ ਪੂਰੇ ਸੂਬੇ 'ਚ ਪ੍ਰਚਾਰ ਕਰ ਰਹੇ ਸਨ ਤੇ ਉਨ੍ਹਾਂ ਦੀ ਭੈਣ ਦਾ ਸਿਰਫ਼ ਧੂਰੀ 'ਤੇ ਫੋਕਸ ਸੀ।
ਭਗਵੰਤ ਮਾਨ ਦੀ ਭੈਣ ਬੋਲੀ- ਪਾਰਟੀ ਤੇ ਲੋਕ ਤੈਅ ਕਰਨਗੇ ਉਮੀਦਵਾਰ
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੂੰ ਪਾਰਟੀ ਵੱਲੋਂ ਉਮੀਦਵਾਰ ਬਣਾਏ ਜਾਣ ਦੀ ਚੱਲ ਰਹੀ ਚਰਚਾ 'ਤੇ ਐਤਵਾਰ ਨੂੰ ਮਨਪ੍ਰੀਤ ਕੌਰ ਨੇ ਕਿਹਾ ਕਿ ਪਾਰਟੀ ਤੇ ਲੋਕ ਤੈਅ ਕਰਨਗੇ ਕਿ ਉਮੀਦਵਾਰ ਕੌਣ ਹੋਵੇਗਾ। ਉਹ ਤਾਂ ਇਲਾਕੇ 'ਚ ਪਿਛਲੇ ਲੰਮੇ ਸਮੇਂ ਤੋਂ ਸਿਆਸੀ ਤੌਰ 'ਤੇ ਘੁੰਮ ਹੀ ਰਹੀ ਹਨ। ਲੋਕਾਂ ਦੀ ਸਹਿਮਤੀ ਤੇ ਰਾਇ ਨਾਲ ਹੀ ਪਾਰਟੀ ਵੱਲੋਂ ਉਮੀਦਵਾਰ ਤੈਅ ਕੀਤਾ ਜਾਵੇਗਾ। ਉਨ੍ਹਾਂ ਨੂੰ ਉਮੀਦਵਾਰ ਬਣਾਉਣ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਇਹ ਤਾਂ ਅਗਰ-ਮਗਰ ਦੀ ਗੱਲ ਹੈ। ਪਾਰਟੀ ਦਾ ਜਿਹਰਾ ਵੀ ਫੈਸਲਾ ਹੋਵੇਗਾ, ਉਹ ਸਭ ਨੂੰ ਮਨਜ਼ੂਰ ਹੋਵੇਗਾ।
ਸਾਈਕਲ ਰੈਲੀ 'ਚ ਨਸ਼ਾ ਤਿਆਗਣ ਦਾ ਦਿੱਤਾ ਸੰਦੇਸ਼
ਬੀਬੀ ਮਨਪ੍ਰੀਤ ਕੌਰ ਐਤਵਾਰ ਨੂੰ ਸੰਗਰੂਰ 'ਚ ਕਰਵਾਈ ਗਈ ਸਾਈਕਲ ਰੈਲੀ 'ਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਸ਼ਿਰਕਤ ਕਰਨ ਪਹੁੰਚੇ ਸਨ। ਕਾਬਿਲੇਗ਼ੌਰ ਹੈ ਕਿ ਇਲਾਕੇ 'ਚ ਮਨਪ੍ਰੀਤ ਕੌਰ ਲਗਾਤਾਰ ਸਰਗਰਮ ਦਿਖਾਈ ਦੇ ਰਹੀ ਹਨ। ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਵੱਡੇ ਭਰਾ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਨਸ਼ੇ ਦੀ ਗ੍ਰਿਫਤ 'ਚੋਂ ਕੱਢਣ ਲਈ ਅੱਜ ਜਿਹੜਾ ਸੱਦਾ ਦਿੱਤਾ ਹੈ, ਲੋਕ ਉਸ ਦਾ ਸਮਰਥਨ ਕਰ ਰਹੇ ਹਨ। ਹਮੇਸ਼ਾ ਤੋੰ ਉਨ੍ਹਾਂ ਦੀ ਹਰੇਕ ਆਵਾਜ਼ 'ਤੇ ਪੰਜਾਬ ਦੇ ਲੋਕਾਂ ਨੇ ਹਾਂ ਦਾ ਨਾਅਰਾ ਲਗਾਇਆ ਹੈ।