ਕੈਬਨਿਟ ਮੰਤਰੀ ਤੇ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਮੁਕੇਸ਼ ਸਿੰਗਲਾ,ਭਵਾਨੀਗੜ੍ਹ
ਪਿੰਡ ਫਤਿਹਗੜ ਭਾਦਸੋਂ 'ਚ ਨਿੱਜੀ ਜ਼ਮੀਨ ਉੱਤੇ ਧਰਮਸ਼ਾਲਾ ਦੀ ਉਸਾਰੀ ਨੂੰ ਲੈ ਕੇ ਅੱਜ ਪਿੰਡ ਵਾਸੀਆਂ ਵੱਲੋਂ ਥਾਣੇ ਅੱਗੇ ਸੜਕ ਜਾਮ ਕਰਕੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਤੇ ਪਿੰਡ ਦੀ ਪੰਚਾਇਤ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਇਕਾਈ ਫਤਹਿਗੜ ਭਾਦਸੋਂ ਦੇ ਪ੍ਰਧਾਨ ਹਰਜੀਤ ਸਿੰਘ ਨੇ ਮਾਮਲੇ ਸਬੰਧੀ ਦੱਸਿਆ ਕਿ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਸਰਕਾਰ ਦੀ ਸ਼ਹਿ 'ਤੇ ਪਿੰਡ 'ਚ ਧਰਮਸ਼ਾਲਾ ਦੀ ਉਸਾਰੀ ਕਰਵਾਈ ਜਾ ਰਹੀ ਹੈ। ਜਿਸ ਜਮੀਨ 'ਤੇ ਉਸਾਰੀ ਕਰਵਾਈ ਜਾ ਰਹੀ ਹੈ ਉਹ ਜਗਾ ਪਿੰਡ ਵਿਚ ਉਨਾਂ੍ਹ ਦੇ ਨਾਮ ਉੱਤੇ ਹੈ। ਉਨਾਂ੍ਹ ਦੋਸ਼ ਲਗਾਇਆ ਕਿ ਕਾਂਗਰਸੀ ਮੰਤਰੀ ਅਤੇ ਉਸਦੇ ਸਥਾਨਕ ਕਰੀਬੀ ਆਗੂ ਪਿੰਡ ਦੇ ਗਰੀਬ ਭਾਈਚਾਰੇ ਦੀਆਂ ਵੋਟਾਂ ਬਟੋਰਨ ਦੇ ਲਈ ਇਹ ਹੱਥਕੰਡਾ ਅਪਣਾ ਰਹੇ ਹਨ ਜਿਸਨੂੰ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੰਬੰਧਤ ਲੋਕਾਂ ਨੇ ਦਾਅਵਾ ਕੀਤਾ ਕਿ ਇਸ ਜ਼ਮੀਨ ਸਬੰਧੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਾਲ 2016 ਤੋਂ ਸਟੇਅ ਆਰਡਰ ਜਾਰੀ ਕੀਤੇ ਹੋਏ ਹਨ, ਇਸ ਦੇ ਬਾਵਜੂਦ ਵੀ ਉਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਬਲਕਿ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਤੌਹੀਨ ਵੀ ਕੀਤੀ ਜਾ ਰਹੀ ਹੈ। ਉਨਾਂ੍ਹ ਕਿਹਾ ਕਿ ਉਸਾਰੀ ਦਾ ਕੰਮ ਤੁਰੰਤ ਬੰਦ ਕਰਵਾਉਣ ਲਈ ਅੱਜ ਮਜੂਬਰਨ ਧਰਨੇ 'ਤੇ ਬੈਠਣਾ ਪਿਆ ਹੈ ਨਾਲ ਹੀ ਉਨਾਂ੍ਹ ਚਿਤਾਵਨੀ ਦਿੱਤੀ ਕਿ ਜੇਕਰ ਉਨਾਂ੍ਹ ਦੀ ਸੁਣਵਾਈ ਨਹੀਂ ਹੁੰਦੀ ਤਾਂ ਨੈਸ਼ਨਲ ਹਾਈਵੇਅ ਨੂੰ ਜਾਮ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਕਾਕੜਾ, ਅਵਤਾਰ ਸਿੰਘ, ਸੁਖਦੇਵ ਸਿੰਘ, ਕੂਪਰ ਸਿੰਘ, ਗੁਰਵਿੰਦਰ ਸਿੰਘ, ਬੇਅੰਤ ਸਿੰਘ, ਚਮਕੌਰ ਸਿੰਘ, ਮੱਘਰ ਸਿੰਘ, ਲਖਵਿੰਦਰ ਸਿੰਘ, ਪਰਮਜੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ। ਦੂਜੇ ਪਾਸੇ ਸੰਪਰਕ ਕਰਨ 'ਤੇ ਪਿੰਡ ਦੇ ਸਰਪੰਚ ਅਮਰ ਸਿੰਘ ਦਾ ਕਹਿਣਾ ਸੀ ਕਿ ਪੰਚਾਇਤ ਵੱਲੋਂ ਹੀ ਇਸ ਜ਼ਮੀਨ ਨੂੰ ਲੈ ਕੇ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਿਚ ਇਹ ਜ਼ਮੀਨ ਨਾ ਵੇਚ ਸਕਣ ਸਬੰਧੀ ਸਟੇਅ ਮਿਲੀ ਹੋਈ ਹੈ ਪਰੰਤੂ ਇਸ ਜ਼ਮੀਨ ਵਿਚ ਪਿੰਡ ਦੇ ਫਾਇਦੇ ਲਈ ਕੋਈ ਵੀ ਕੰਮ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਇਸਦਾ ਪੂਰਾ ਲਿਖ਼ਤੀ ਰਿਕਾਰਡ ਉਨਾਂ੍ਹ ਕੋਲ ਮੌਜੂਦ ਹੈ ਪਰ ਕੁਝ ਲੋਕ ਬਿਨਾਂ ਵਜ਼ਾ ਹੀ ਇਸ ਦਾ ਵਿਰੋਧ ਕਰ ਰਹੇ ਹਨ। ਓਧਰ ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਧਰਨਾਕਾਰੀ ਪੁਲਸ ਨੂੰ ਜਮੀਨ ਸਬੰਧੀ ਅਦਾਲਤ ਦੇ ਸਟੇਅ ਆਰਡਰ ਨਹੀਂ ਦਿਖਾ ਸਕੇ। ਜਿਸ 'ਤੇ ਉਨਾਂ੍ਹ ਲੋਕਾਂ ਨੂੰ ਸਮਝਾਇਆ ਕਿ ਬਿਨਾਂ ਸਟੇਅ ਆਰਡਰਾਂ ਤੋਂ ਪੁਲਸ ਉੁਸਾਰੀ ਦਾ ਕੰਮ ਨਹੀਂ ਰੁਕਵਾ ਸਕਦੀ। ਜਿਸ ਉਪਰੰਤ ਆਗੂਆਂ ਨਾਲ ਗੱਲਬਾਤ ਕਰਕੇ ਧਰਨਾ ਸਮਾਪਤ ਕਰਵਾਇਆ ਗਿਆ।