ਸੰਦੀਪ ਸਿੰਗਲਾ, ਧੂਰੀ
ਸੰਗਰੂਰ ਲੁਧਿਆਣਾ ਮੁੱਖ ਮਾਰਗ 'ਤੇ ਸਥਿਤ ਲੱਡਾ ਟੋਲ ਪਲਾਜਾ ਮਾਮਲੇ ਵਿੱਚ ਅੱਜ ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸੀ ਉਮੀਦਵਾਰ ਤੇ ਮੌਜੂਦਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਸੰਗਰੂਰ ਦੀ ਜ਼ਿਲਾਂ੍ਹ ਅਦਾਲਤ ਵਿੱਚ ਪੇਸ਼ ਹੋ ਕੇ ਪੇਸ਼ੀ ਭੁਗਤੀ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੋਲਡੀ ਨੇ ਕਿਹਾ ਕਿ ਟੋਲ ਪਲਾਜਾ ਲੱਡਾ ਦੇ ਬਰਾਬਰ ਸੜਕ ਬਣਾਉਣ ਕਾਰਨ ਉਨਾਂ ਦੇ ਖਿਲਾਫ਼ ਟੋਲ ਪਲਾਜਾ ਪ੍ਰਬੰਧਕਾਂ ਵੱਲੋਂ ਵੱਖ-ਵੱਖ ਅਦਾਲਤਾਂ ਵਿੱਚ ਸੱਤ ਕੇਸ ਕੀਤੇ ਹੋਏ ਹਨ, ਜਿੰਨਾਂ ਵਿੱਚ ਉਹ ਲਗਾਤਾਰ ਮਾਨਯੋਗ ਅਦਾਲਤ ਦਾ ਸਨਮਾਨ ਕਰਦੇ ਹੋਏ ਪੇਸ਼ੀਆ ਭੁਗਤ ਰਹੇ ਹਨ। ਉਨਾਂ੍ਹ ਕਿਹਾ ਕਿ ਟੋਲ ਪਲਾਜਾ ਲੱਡਾ ਦੇ ਬਰਾਬਰ ਸੜਕ ਬਣਵਾ ਕੇ ਇਲਾਕੇ ਦੇ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਪੈਣ ਤੋਂ ਬਚਾਇਆ ਹੈ। ਉਨਾਂ੍ਹ ਕਿਹਾ ਕਿ ਟੋਲ ਪਲਾਜਾ ਕੰਪਨੀ ਵੱਲੋਂ ਨਹਿਰੀ ਪੱਟੜੀ 'ਤੇ ਟੋਲ ਬੂਥ ਰੱਖਦਿਆਂ ਟੋਲ ਵਸੂਲਣ ਦੀ ਕੋਸ਼ਿਸ ਕੀਤੀ ਗਈ ਸੀ, ਪਰ ਉਨਾਂ੍ਹ ਨੇ ਟੋਲ ਕੰਪਨੀ ਦੇ ਇੰਨਾਂ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਸੀ, ਜਿਸ ਕਾਰਨ ਟੋਲ ਕੰਪਨੀ ਨੇ ਉਨਾਂ ਖਿਲਾਫ਼ ਕੰਨਟੈਂਪਟ ਪਟੀਸ਼ਨ ਦਾਇਰ ਕੀਤੀ ਹੈ। ਉਨਾਂ੍ਹ ਕਿਹਾ ਕਿ ਜਦੋਂ ਹਲਕੇ ਦੇ ਲੋਕਾਂ ਵੱਲੋਂ ਟੋਲ ਪਲਾਜਾ ਕੰਪਨੀ ਖਿਲਾਫ਼ ਸੰਘਰਸ਼ ਲੜਿਆ ਜਾ ਰਿਹਾ ਸੀ ਤਾਂ ਉਸ ਵੇਲੇ ਵੀ ਭਗਵੰਤ ਮਾਨ ਕਦੇ ਆ ਕੇ ਸ਼ਮੂਲੀਅਤ ਕਰਕੇ ਨਹੀਂ ਗਿਆ। ਉਨਾਂ ਆਪ ਉਮੀਦਵਾਰ ਭਗਵੰਤ ਮਾਨ ਨੂੰ ਲਾਈਵ ਡਿਬੇਟ ਦੀ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਹਲਕੇ ਦੇ 74 ਪਿੰਡਾਂ ਅਤੇ ਸ਼ਹਿਰ ਦੇ 21 ਵਾਰਡਾਂ ਵਿੱਚ ਕਿਤੇ ਭਗਵੰਤ ਮਾਨ ਜਿਥੇ ਮਰਜੀ ਦੋ ਕੁਰਸੀਆਂ ਲਗਵਾ ਲਵੇ, ਮੈਂ ਆਪਣੇ ਪੰਜ ਸਾਲਾਂ ਦੇ ਕੀਤੇ ਕਾਰਜਕਾਲ ਅਤੇ ਭਗਵੰਤ ਮਾਨ ਆਪਣੇ ਸਾਂਸਦ ਕਾਰਜਕਾਲ ਦੇ ਕੰਮਾਂ ਦਾ ਵੇਰਵਾ ਲੈ ਕੇ ਆ ਜਾਵੇ, ਡਿਬੇਟ ਕਰਨ ਲਈ ਤਿਆਰ ਹਾਂ। ਉਨਾਂ ਕਿਹਾ ਕਿ ਦੋ ਵਾਰ ਵੱਡੇ ਫ਼ਰਕ ਨਾਲ ਸਾਂਸਦ ਚੁਣੇ ਜਾਣ ਤੋਂ ਬਾਅਦ ਭਗਵੰਤ ਮਾਨ ਨੇ ਕਦੇ ਵੀ ਹਲਕੇ ਦਾ ਮੂੰਹ ਨਹੀਂ ਕੀਤਾ, ਸਗੋਂ ਚੋਣਾਂ ਦੇ ਸਮੇਂ ਵਿੱਚ ਪੂਰੇ ਪਿੰਡਾਂ ਵਿੱਚ ਵੀ ਵੋਟਾਂ ਮੰਗਣ ਨਹੀਂ ਗਏ। ਉਨਾ ਕਿਹਾ ਕਿ ਭਗਵੰਤ ਮਾਨ ਨੂੰ ਸਾਂਸਦ ਦੀਆਂ ਦੋ ਟਰਮਾਂ ਅਤੇ ਮੈਨੁੰ ਇੱਕ ਟਰਮ ਮਿਲੀ ਹੈ, ਉਹ ਲੋਕਾਂ ਦੀ ਕਚਿਹਰੀ ਵਿੱਚ ਆਪਣੇ ਕੰਮ ਲੈ ਕੇ ਆ ਜਾਣ ਅਤੇ ਮੈਂ ਆਪਣੇ ਕੰਮ ਲੈ ਕੇ ਆਵਾਂਗਾ। ਉਨਾਂ 'ਕੰਮਾਂ ਦਾ ਮੁਕਾਬਲਾ' ਕਰਨ ਦੀ ਗੱਲ ਆਖਦਿਆਂ ਕਿਹਾ ਕਿ ਲੋਕਾਂ ਨੂੰ ਮੁੱਖ ਮੰਤਰੀ ਚਿਹਰਾ ਨਹੀਂ ਦੇਖਣਾ ਚਾਹੀਦਾ, ਜੇਕਰ ਉਨਾਂ ਦੇ ਮੁਕਾਬਲੇ ਭਗਵੰਤ ਮਾਨ ਨੇ 10 ਫੀਸਦੀ ਕੰਮ ਵੀ ਕਰਵਾਏ ਹੋਣ ਤਾ ਮੈਂ ਉਨਾਂ ਨੂੰ ਜੇਤੂ ਮੰਨ ਲਵਾਂਗਾ ਅਤੇ ਜੇਕਰ ਮੈਂ ਨੀਂਵਾ ਹੋਇਆ ਤਾਂ ਮੈਂ ਆਪ ਅਖਾੜਾ ਛੱਡ ਜਾਵਾਂਗਾ। ਉਨਾਂ ਆਪਣੇ ਪਿੰਡ ਪੁੰਨਾਂਵਾਲ ਅਤੇ ਭਗਵੰਤ ਮਾਨ ਦੇ ਪਿੰਡ ਸਤੌਜ ਦਾ ਮੁਕਾਬਲਾ ਕਰਵਾਉਣ ਦੀ ਗੱਲ ਆਖਦਿਆਂ ਕਿਹਾ ਕਿ ਭਗਵੰਤ ਮਾਨ ਕਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਨਹੀਂ ਹੋਇਆ।