ਮਨੋਜ ਕੁਮਾਰ, ਧੂਰੀ
ਆਮ ਆਦਮੀ ਪਾਰਟੀ ਦੇ ਵਪਾਰ ਸੈਲ ਦੇ ਸੂਬਾ ਮੀਤ ਪ੍ਰਧਾਨ ਮਰਹੂਮ ਸੰਦੀਪ ਸਿੰਗਲਾ ਦੇ ਪਿਤਾ ਅਤੇ ਹਲਕਾ ਧੂਰੀ ਤੋਂ ਆਪ ਦੀ ਟਿਕਟ ਦੀ ਦਾਅਵੇਦਾਰੀ ਜਤਾਉਣ ਵਾਲੇ ਅਸ਼ੋਕ ਕੁਮਾਰ ਲੱਖਾ ਨੇ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਧੂਰੀ ਤੋਂ ਉਮੀਦਵਾਰ ਐਲਾਨੇ ਜਾਣ 'ਤੇ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਨ ਵੱਲੋਂ ਉਨਾਂ ਦੇ ਪਰਿਵਾਰ ਨੂੰ ਟਿਕਟ ਦੇਣ ਦਾ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਭਗਵੰਤ ਮਾਨ ਨੂੰ ਉਮੀਦਵਾਰ ਐਲਾਨ ਕੇ ਉਨਾਂ ਨਾਲ ਧੋਖਾ ਕੀਤਾ ਗਿਆ ਹੈ। ਅਸ਼ੋਕ ਕੁਮਾਰ ਲੱਖਾ ਨੇ ਭਗਵੰਤ ਮਾਨ ਦੀ ਉਮੀਦਵਾਰੀ ਦਾ ਵਿਰੋਧ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਨ ਵੱਲੋਂ ਹਲਕੇ ਵਿਚ ਪਾਰਟੀ ਨੂੰ ਮਜਬੂਤ ਕਰਨ ਲਈ ਮਿਹਨਤ ਕਰਨ ਵਾਲੇ ਵਰਕਰਾਂ ਦੀ ਮਿਹਨਤ ਨੂੰ ਅਣਦੇਖਿਆ ਕਰਕੇ ਟਿਕਟ ਦਿੱਤੀ ਗਈ ਹੈ। ਪੱਤਰਕਾਰਾਂ ਵੱਲੋਂ ਭਗਵੰਤ ਮਾਨ ਦਾ ਵਿਰੋਧ ਕਰਨ, ਪਾਰਟੀ ਛੱਡਣ ਜਾਂ ਆਜ਼ਾਦ ਲੜਨ ਬਾਰੇ ਪੁੱਛੇ ਜਾਣ 'ਤੇ ਸ਼੍ਰੀ ਲੱਖਾ ਨੇ ਕਿਹਾ ਕਿ ਉਹ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਕੇ ਅਗਲੀ ਰਣਨੀਤੀ ਉਲੀਕਣਗੇ। ਜ਼ਿਕਰਯੋਗ ਹੈ ਕਿ ਮਰਹੂਮ ਸੰਦੀਪ ਸਿੰਗਲਾ ਨੇ ਪਾਰਟੀ ਲਈ ਕੰਮ ਕਰਦਿਆਂ ਜਿੱਥੇ ਕੋਰੋਨਾ ਲਾਗ ਦੌਰਾਨ ਹਲਕੇ ਦੇ ਲੋਕਾਂ ਦੀ ਨਿਸਵਾਰਥ ਸੇਵਾ ਕੀਤੀ, ਉਥੇ ਉਨਾਂ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਵਿਖੇ ਲੰਗਰ ਲਗਾਇਆ, ਜਿਸ ਨੂੰ ਉਨਾਂ ਦੀ ਮੌਤ ਉਪਰੰਤ ਉਨਾਂ ਦੇ ਪਰਿਵਾਰ ਵੱਲੋਂ ਸੰਘਰਸ਼ ਦੀ ਜਿੱਤ ਤੱਕ ਜਾਰੀ ਰੱਖਿਆ ਗਿਆ।