ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੀ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਤਰਕਸ਼ੀਲ ਭਵਨ, ਬਰਨਾਲਾ 'ਚ ਹੋਈ। ਮੀਟਿੰਗ ਦੌਰਾਨ ਕੇਂਦਰ ਤੇ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ 'ਤੇ ਚਰਚਾ ਕਰਦਿਆਂ ਕਿਸਾਨ-ਅੰਦੋਲਨ ਦੇ ਦੂਜੇ ਪੜਾਅ ਦੇ ਸੰਘਰਸ਼ ਲਈ ਵਿਉਂਤਬੰਦੀ ਕੀਤੀ ਗਈ। ਕਿਸਾਨ-ਆਗੂਆਂ ਨੇ ਕਿਹਾ ਕਿ ਬੀਕੇਯੂ-ਏਕਤਾ (ਡਕੌਂਦਾ) ਦੀ ਅਗਵਾਈ ਹੇਠ ਪੱਖੋ-ਕੈਂਚੀਆਂ ਟੋਲ ਪਲਾਜ਼ੇ 'ਤੇ ਲੱਗੇ ਮੋਰਚੇ ਨੂੰ 100 ਦਿਨ ਪੂਰੇ ਹੋ ਗਏ ਹਨ, ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਸਹਿਮਤ ਸਨ ਕਿ ਇਹ ਟੋਲ-ਪਲਾਜ਼ਾ ਨਾਜਾਇਜ਼ ਲੱਗਿਆ ਹੈ, ਪਰ ਹੁਣ ਸੱਤਾ 'ਚ ਆਉਣ ਤੋਂ ਬਾਅਦ ਉਹ ਇਹ ਮੁੱਦਾ ਮਨੋਂ ਵਿਸਾਰੀ ਬੈਠੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਕਾਰਪੋਰੇਟ-ਘਰਾਣਿਆਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਕਿਸਾਨ-ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਕਿਸਾਨ-ਅੰਦੋਲਨ ਦੇ ਸ਼ਹੀਦਾਂ ਦੀ ਯਾਦਗਾਰ ਸਥਾਪਤ ਕਰਨ ਦੀ ਮੰਗ ਵੀ ਕੀਤੀ ਗਈ। ਮੀਟਿੰਗ ਦੌਰਾਨ ਸ਼ੋਸ਼ਲ-ਮੀਡੀਆ ਨੂੰ ਬਹਿਸ ਲਈ ਸਾਰਥਕ ਮੰਚ ਨਾ ਸਮਝਦਿਆਂ ਫੈਸਲਾ ਕੀਤਾ ਗਿਆ ਕਿ ਫੇਸਬੁੱਕ ਜਾਂ ਹੋਰਨਾਂ ਸੋਸ਼ਲ-ਮੀਡੀਆ ਪਲੇਟਫਾਰਮ ਨੂੰ ਬਹਿਸ ਦਾ ਮੰਚ ਨਾ ਬਣਾਇਆ ਜਾਵੇ। ਦੂਜੇ ਅਹਿਮ ਫੈਸਲੇ ਤਹਿਤ ਬਠਿੰਡਾ ਜ਼ਿਲ੍ਹੇ ਦੀ ਨਵੀਂ ਚੁਣੀ ਗਈ ਆਰਜੀ ਕਮੇਟੀ ਨੂੰ ਨਾਮੰਜੂਰ ਕਰਦਿਆਂ ਪੁਰਾਣੀ ਜਿਲ੍ਹਾ ਕਮੇਟੀ ਕਾਇਮ ਰੱਖੀ ਗਈ ਤੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਨੂੰ ਮੁਅੱਤਲ ਰੱਖਿਆ ਗਿਆ ਤੇ ਦੋਸ਼ਾਂ ਦੀ ਜਾਂਚ ਲਈ ਨਵੀਂ ਬਣਾਈ 7 ਮੈਂਬਰੀ ਕਮੇਟੀ ਨੂੰ ਸਮਾਂਬੱਧ ਰਿਪੋਰਟ ਦੇਣ ਲਈ ਨਿਰਦੇਸ਼ ਦਿੱਤੇ ਗਏ, ਇਸ ਜਾਂਚ ਦੀ ਰਿਪੋਰਟ ਤਹਿਤ ਹੀ ਬਲਦੇਵ ਸਿੰਘ ਭਾਈਰੂਪਾ 'ਤੇ ਅਨੁਸ਼ਾਸਨੀ ਕਾਰਵਾਈ ਦਾ ਫੈਸਲਾ ਕੀਤਾ ਜਾਵੇਗਾ।
- 8 ਦਸੰਬਰ ਦੀ ਮੀਟਿੰਗ ਤੋਂ ਬਾਅਦ ਅਗਲੇ ਪੋ੍ਗਰਾਮਾਂ ਦਾ ਕਰਾਂਗੇ ਐਲਾਨ : ਆਗੂ
ਇਸ ਮੌਕੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਗੁਰਮੀਤ ਸਿੰਘ ਭੱਟੀਵਾਲ, ਦਰਸ਼ਨ ਸਿੰਘ ਰਾਏਸਰ, ਪ੍ਰਰੈੱਸ ਸਕੱਤਰ ਬਲਵੰਤ ਸਿੰਘ ਉੱਪਲੀ, ਖਜ਼ਾਨਚੀ ਰਾਮ ਸਿੰਘ ਮਟੋਰੜਾ ਤੇ ਵਿਸ਼ੇਸ਼ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ 8 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਮੀਟਿੰਗ ਕਰਨਾਲ 'ਚ ਹੋਵੇਗੀ, ਜਿਸ ਦੌਰਾਨ ਅਗਲੇ ਪੋ੍ਗਰਾਮਾਂ ਦਾ ਐਲਾਨ ਕੀਤਾ ਜਾਵੇਗਾ। 11 ਦਸੰਬਰ ਤੱਕ ਸੰਸਦ ਮੈਂਬਰਾਂ ਨੂੰ ਚਿਤਾਵਨੀ-ਪੱਤਰ ਸੌਂਪੇ ਜਾਣਗੇ ਤੇ ਅਪੀਲ ਕੀਤੀ ਜਾਵੇਗੀ ਕਿ ਉਹ 29 ਦਸੰਬਰ ਤਕ ਚੱਲਣ ਵਾਲੇ ਸੰਸਦ ਦੇ ਇਜਲਾਸ ਦੌਰਾਨ ਜ਼ੋਰ-ਸ਼ੋਰ ਨਾਲ ਕਿਸਾਨੀ-ਮੰਗਾਂ ਉਠਾਉਣ। 11 ਦਸੰਬਰ ਨੂੰ ਕਿਸਾਨ-ਅੰਦੋਲਨ ਦੀ ਜਿੱਤ ਦੀ ਪਹਿਲੀ ਵਰ੍ਹੇਗੰਢ ਵੀ ਮਨਾਈ ਜਾਵੇਗੀ। ਮੀਟਿੰਗ ਦੌਰਾਨ ਆਗੂਆਂ ਨੇ ਸੰਗਰੂਰ 'ਚ ਮੁੱਖ-ਮੰਤਰੀ ਭਗਵੰਤ ਮਾਨ ਦੀ ਕੋਠੀ ਸਾਹਮਣੇ ਰੋਸ-ਮੁਜ਼ਾਹਰਾ ਕਰ ਰਹੇ ਮਜ਼ਦੂਰਾਂ 'ਤੇ ਹੋਏ ਪੁਲਿਸ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਗਈ। ਮੀਟਿੰਗ ਦੌਰਾਨ 16 ਜ਼ਿ੍ਹਆਂ ਦੇ ਪ੍ਰਧਾਨ ਤੇ ਜਨਰਲ-ਸਕੱਤਰ ਹਾਜ਼ਰ ਸਨ। ਇਨਾਂ੍ਹ ਸਾਰੇ ਆਗੂਆਂ ਨੇ ਜਥੇਬੰਦੀ ਦੇ ਸਾਰੇ ਪੋ੍ਗਰਾਮਾਂ ਨੂੰ ਜ਼ੋਰਸ਼ੋਰ ਨਾਲ ਲਾਗੂ ਕਰਨ ਦਾ ਉਤਸ਼ਾਹ ਨਾਲ ਨਿਹਚਾ ਪ੍ਰਗਟ ਕੀਤਾ।