ਇੱਕੋ ਛੱਤ ਹੇਠ ਹੋਣਗੇ ਲੋਕਾਂ ਦੇ ਸਾਰੇ ਸਬ ਡਵੀਜ਼ਨ ਪੱਧਰ ਦੇ ਕੰਮ : ਚੀਮਾ
ਪੱਤਰ ਪ੍ਰਰੇਰਕ, ਦਿੜ੍ਹਬਾ : ਦਿੜ੍ਹਬਾ ਤਹਿਸੀਲ ਦੀ ਨਵੀਂ ਇਮਾਰਤ ਬਣਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 16 ਕਰੋੜ ਦੀ ਰਾਸ਼ੀ ਮਨਜ਼ੂਰ ਕੀਤੇ ਜਾਣ ਨਾਲ ਜਿੱਥੇ ਲੋਕਾਂ ਦੀ ਲੰਮੇ ਸਮੇਂ ਤੋਂ ਲਟਕਦੀ ਮੰਗ ਪੂਰੀ ਹੋਈ ਹੈ ਉਥੇ ਸ਼ਹਿਰ ਵਾਸੀਆਂ ਨੂੰ ਨਵਾਂ ਤੋਹਫਾ ਮਿਲਿਆ ਹੈ। 1993 ਵਿੱਚ ਕਾਂਗਰਸ ਦੀ ਸਰਕਾਰ ਸਮੇਂ ਦਿੜ੍ਹਬਾ ਸਬ-ਤਹਿਸੀਲ ਹੋਂਦ ਵਿਚ ਆਈ ਸੀ। ਉਸ ਸਮੇਂ ਸਬ ਤਹਿਸੀਲ ਕਈ ਸਾਲ ਤੱਕ ਪ੍ਰਰਾਈਵੇਟ ਇਮਾਰਤਾਂ ਵਿੱਚ ਡੰਗ ਟਪਾਉਣ ਦਾ ਕੰਮ ਕਰਦੇ ਰਹੇ। 1999 ਵਿੱਚ ਉਸ ਤੋਂ ਬਾਅਦ ਉਸ ਸਮੇਂ ਦੇ ਕੇਂਦਰੀ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਸਬ ਤਹਿਸੀਲ ਦੀ ਇਮਾਰਤ ਬਣਾਉਣ ਦਾ ਨੀਂਹ ਪੱਥਰ ਰੱਖਿਆ। ਉਸ ਤੋਂ ਕਈ ਸਾਲ ਬਾਅਦ ਸਬ ਤਹਿਸੀਲ ਦੀ ਇਮਾਰਤ ਬਣੀ। ਪਰ ਇਸ ਸਮੇਂ ਤਹਿਸੀਲ ਦੀ ਇਮਾਰਤ ਦੀ ਹਾਲਤ ਇਸ ਕਦਰ ਖਸਤਾ ਹੋ ਗਈ ਹੈ ਕਿ ਬਾਰਿਸ਼ ਹੋਣ 'ਤੇ ਛੱਤ ਦਾ ਸਾਰਾ ਪਾਣੀ ਥੱਲੇ ਟਪਕਦਾ ਹੈ। ਇੱਥੇ ਹੀ ਬੱਸ ਨਹੀਂ ਬਾਰਿਸ਼ ਦੇ ਦਿਨਾਂ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਛੱਪੜ ਦਾ ਰੂਪ ਧਾਰਨ ਕਰ ਜਾਂਦੀ ਹੈ। ਇਸ ਬਾਰੇ ਕਈ ਵਾਰੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਰਿਹਾ। 2016 ਵਿੱਚ ਦਿੜ੍ਹਬਾ ਨੂੰ ਸਬ ਡਵੀਜ਼ਨ ਬਣਾਇਆ ਗਿਆ। ਦਰਜਾ ਜ਼ਰੂਰ ਵਧਾਇਆ ਗਿਆ ਪਰ ਐੱਸਡੀਐੱਮ ਦਾ ਦਫਤਰ ਮਾਰਕੀਟ ਕਮੇਟੀ ਦੇ ਦਫਤਰ ਵਿੱਚ ਚਲਦਾ ਰਿਹਾ, ਜਦੋਂ ਕਿ ਬੀਡੀਪੀਓ ਦਾ ਦਫਤਰ ਦਿੜ੍ਹਬਾ ਤੋਂ 4 ਕਿਲੋਮੀਟਰ ਦੂਰ ਪਿੰਡ ਤੂਰਬੰਜਾਰਾ ਵਿਖੇ ਕੰਮ ਕਰਦਾ ਰਿਹਾ। ਦਿੜ੍ਹਬਾ ਪੁਲਿਸ ਸਬ ਡਵੀਜ਼ਨ ਬਣਨ ਨਾਲ ਡੀਐੱਸਪੀ ਦਾ ਦਫਤਰ ਦਿੜ੍ਹਬਾ ਤੋਂ 8 ਕਿਲੋਮੀਟਰ ਦੂਰ ਸੂਲਰਘਰਾਟ ਹੈ। ਇਸ ਕਾਰਨ ਲੋਕਾਂ ਨੂੰ ਕੰਮ ਕਰਵਾਉਣ ਲਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੂਰਾ ਕਰਕੇ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੜ੍ਹਬਾ ਸਬ ਡਵੀਜ਼ਨ ਦੇ ਸਾਰੇ ਕੰਮ ਹੁਣ ਇੱਕੋਂ ਛੱਤ ਹੇਠ ਹੋਣਗੇ। ਇਸ ਕੰਪਲੈਕਸ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਪੂਰਾ ਕੀਤਾ ਜਾਵੇਗਾ। ਐੱਸਡੀਐੱਮ ਦਾ ਦਫਤਰ, ਐੱਸਡੀਐੱਮ ਦੀ ਰਹਾਇਸ਼, ਬੀਡੀਪੀਓ ਦਾ ਦਫਤਰ, ਸੀਡੀਪੀਓ ਦਾ ਦਫਤਰ, ਤਹਿਸੀਲ ਕੰਪਲੈਕਸ ਤੇ ਹੋਰ ਸਬੰਧਤ ਦਫਤਰ ਇੱਕੋ ਛੱਤ ਹੇਠ ਮਿਲਣਗੇ। ਲੋਕਾਂ ਨੂੰ ਇੱਧਰ ਉਧਰ ਤੁਰ ਫਿਰ ਕੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਪਵੇਗਾ।