ਮੁਕੇਸ਼ ਸਿੰਗਲਾ, ਭਵਾਨੀਗੜ੍ਹ : ਨਜ਼ਦੀਕੀ ਪਿੰਡ ਕਾਲਾਝਾੜ ਵਿਖੇ ਇਕ ਆੜ੍ਹਤੀ ਵੱਲੋਂ ਕਿਸਾਨ ਤੋਂ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ 'ਚ ਕਿਸਾਨ ਦੇ ਹੱਕ ਵਿਚ ਆਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਆੜ੍ਹਤੀਏ ਵੱਲੋਂ ਕਿਸਾਨ ਨਾਲ ਕੀਤੇ ਗਏ ਘਪਲੇ 'ਤੇ ਕਿਸਾਨ ਆਗੂਆਂ ਨੂੰ ਬੰਦੀ ਬਣਾ ਕੇ ਅਤੇ ਗਲਤ ਵਿਹਾਰ ਕਰਨ ਦੇ ਦੋਸ਼ ਲਾਉਂਦਿਆਂ ਪੁਲਿਸ ਕੋਲ ਸ਼ਿਕਾਇਤ ਦੇ ਕੇ ਆੜ੍ਹਤੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇੱਥੇ ਸੰਯੁਕਤ ਪ੍ਰਰੈਸ ਕਲੱਬ ਦੇ ਦਫ਼ਤਰ ਵਿਖੇ ਪ੍ਰਰੈੱਸ ਕਾਨਫਰੰਸ ਦੌਰਾਨ ਯੂਨੀਅਨ ਦੇ ਆਗੂ ਅਜੈਬ ਸਿੰਘ ਲੱਖੇਵਾਲ, ਮਨਜੀਤ ਸਿੰਘ ਘਰਾਚੋਂ ਤੇ ਜਗਤਾਰ ਸਿੰਘ ਕਾਲਾਝਾੜ ਨੇ ਆੜਤੀਏ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕਿਸਾਨ ਯੂਨੀਅਨ ਦੇ ਆਗੂ ਪੀੜਤ ਕਿਸਾਨ ਸਤਨਾਮ ਸਿੰਘ ਦਾ ਆੜ੍ਹਤੀਏ ਨਾਲ ਹਿਸਾਬ ਕਿਤਾਬ ਕਰਵਾਉਣ ਲਈ ਗਏ ਸਨ। ਪੀੜਤ ਕਿਸਾਨ ਮੁਤਾਬਕ ਆੜ੍ਹਤੀਏ ਦੇ ਹਿਸਾਬ ਕਿਤਾਬ 'ਚ ਕਾਫੀ ਫਰਕ ਸੀ, ਪਰ ਉਕਤ ਆੜ੍ਹਤੀਏ ਵੱਲੋਂ ਕਿਸਾਨ ਆਗੂਆਂ ਦੀ ਹਾਜ਼ਰੀ ਵਿਚ ਹਿਸਾਬ ਕਿਤਾਬ ਦੇਣ ਦੀ ਬਜਾਏ ਕਥਿਤ ਤੌਰ 'ਤੇ ਆਪਣ ਘਪਲੇ ਨੂੰ ਲੁਕਾਉਣ ਲਈ ਪਿੰਡ ਦੇ ਹੋਰਨਾਂ ਕਿਸਾਨਾਂ ਨੂੰ ਗੁੰਮਰਾਹ ਕਰਕੇ ਆਪਣੇ ਹੱਕ 'ਚ ਖੜਾ ਕੇ ਵੱਡਾ ਇਕੱਠ ਕਰਦਿਆਂ ਕਿਸਾਨ ਆਗੂਆਂ ਨੂੰ ਬੰਦੀ ਬਣਾ ਕੇ ਗਲਤ ਵਿਹਾਰ ਕੀਤਾ। ਉਨਾਂ੍ਹ ਪੁਲਿਸ ਨੂੰ ਆੜ੍ਹਤੀਏ ਖ਼ਿਲਾਫ਼ ਲਿਖ਼ਤੀ ਸ਼ਿਕਾਇਤ ਕਰਦਿਆਂ ਆੜ੍ਹਤੀਏ ਸਮੇਤ ਉਸ ਦਾ ਸਾਥ ਦੇਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਯੂਨੀਅਨ ਵਲੋਂ ਸੂਬਾ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ।
---------
ਆੜ੍ਹਤੀਏ ਨੇ ਵੀ ਕੀਤੀ ਪ੍ਰਰੈੱਸ ਕਾਨਫ਼ਰੰਸ, ਜਥੇਬੰਦੀ ਤੇ ਲਾਏ ਗੰਭੀਰ ਦੋਸ਼
ਓਧਰ ਦੂਜੇ ਪਾਸੇ ਇਸ ਸਬੰਧੀ ਆੜ੍ਹਤੀਏ ਰੋਸ਼ਨ ਲਾਲ ਨੇ ਪ੍ਰਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸਾਨ ਸਤਨਾਮ ਸਿੰਘ ਕੋਲੋਂ ਕਰੀਬ 54 ਲੱਖ ਰੁਪਏ ਲੈਣੇ ਹਨ, ਉਹ ਪੈਸੇ ਦੇਣ ਦੀ ਬਜਾਏ ਜਥੇਬੰਦੀ ਦੁਆਰਾ ਗੁੰਮਰਾਹ ਕੀਤੇ ਜਾਣ ਦੇ ਚੱਲਦਿਆਂ ਕੁਝ ਕੁ ਆਗੂਆਂ ਦੇ ਹੱਥੇ ਚੜ੍ਹ ਕੇ 440 ਥੈਲਿਆਂ ਦਾ ਜੋ ਰੌਲਾ ਪਾ ਰਿਹਾ ਹੈ ਜਿਸ ਦਾ ਹਿਸਾਬ ਕਿਤਾਬ ਪਹਿਲਾ ਹੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪਿੰਡ ਦੀ ਪੰਚਾਇਤ ਤੇ ਪਤਵੰਤੇ ਆਗੂਆਂ ਦੀ ਹਾਜ਼ਰੀ ਵਿਚ ਹਿਸਾਬ ਕਿਤਾਬ ਲੈ ਕੇ ਆਏ ਸੀ, ਪਰ ਉਨ੍ਹਾਂ ਵੱਲੋਂ ਸਾਡੇ 'ਤੇ ਝੂਠੇ ਇਲਜ਼ਾਮ ਲਾਉਂਦਿਆਂ ਮਾੜੀ ਸ਼ਬਦਾਵਲੀ ਵਰਤ ਕੇ ਮਾਹੌਲ ਨੂੰ ਖ਼ਰਾਬ ਕਰ ਦਿੱਤਾ। ਉਨਾਂ੍ਹ ਦੱਸਿਆ ਕਿ ਪਿਛਲੇ ਅਪ੍ਰਰੈਲ ਮਹੀਨੇ ਦੀ 15 ਤਰੀਕ ਨੂੰ ਆੜ੍ਹਤੀ ਐਸੋਸੀਏਸ਼ਨ ਸਮਾਣਾ ਦੇ ਪ੍ਰਧਾਨ, ਪਤਵੰਤਿਆਂ, ਪਿੰਡ ਦੇ ਮੋਹਤਬਰਾਂ ਅਤੇ ਹੋਰ ਕਿਸਾਨ ਆਗੂਆਂ ਦੀ ਹਾਜ਼ਰੀ ਵਿਚ ਕਰੀਬ 54 ਲੱਖ ਰੁਪਏ ਲੈਣ ਦੀ ਲਿਖਤ ਵੀ ਕੀਤੀ ਗਈ ਸੀ, ਦੇ ਬਾਵਜੂਦ ਇਨਾਂ੍ਹ ਨੇ ਨਾ ਦੇਣ ਦੀ ਨੀਅਤ ਨਾਲ ਇਹ ਸਾਰਾ ਹੰਗਾਮਾ ਖੜ੍ਹਾ ਕੀਤਾ ਹੈ। ਉਨਾਂ੍ਹ ਦੱਸਿਆ ਕਿ ਉਨ੍ਹਾਂ ਵੱਲੋਂ ਕਿਸਾਨਾਂ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
------------
ਆੜ੍ਹਤੀਏ ਦੇ ਹੱਕ ਵਿੱਚ ਆਏ ਕਿਸਾਨ ਆਗੂ
ਉਧਰ ਆੜ੍ਹਤੀਏ ਦੇ ਹੱਕ ਵਿੱਚ ਆਏ ਵੱਡੀ ਗਿਣਤੀ ਵਿੱਚ ਕਿਸਾਨਾਂ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੇ ਕਾਲਾਝਾੜ ਇਕਾਈ ਦੇ ਖ਼ਜ਼ਾਨਚੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਜਥੇਬੰਦੀ ਕੋਈ ਮਾੜੀ ਨਹੀਂ ਹੁੰਦੀ ਇੱਕਾ ਦੁੱਕਾ ਆਗੂ ਮਾੜੇ ਹੁੰਦੇ ਹਨ ਜੋ ਆੜ੍ਹਤੀ ਅਤੇ ਕਿਸਾਨ ਦੇ ਨਹੁੰ ਮਾਸ ਦੇ ਰਿਸ਼ਤੇ ਨੂੰ ਤਾਰ ਤਾਰ ਕਰਨ ਵਿੱਚ ਲੱਗੇ ਹੋਏ ਹਨ। ਜਦੋਂ ਕਿ ਇਸ ਆੜ੍ਹਤੀਏ ਨਾਲ 15 ਪਿੰਡਾਂ ਦੇ ਲੋਕ ਦਿਲੋਂ ਖੜੇ ਹਨ ਜੋ ਕਿਸੇ ਪ੍ਰਕਾਰ ਦਾ ਧੱਕਾ ਨਹੀਂ ਹੋਣ ਦੇਣਗੇ।