ਲਖਵੀਰ ਖਾਬਡ਼ਾ, ਰੂਪਨਗਰ : 26 ਅਕਤੂਬਰ 1831 ਨੂੰ ਸਤਲੁਜ ਦਰਿਆ ਕੰਢੇ ਜਿਸ ਸਥਾਨ ’ਤੇ ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਵਿਚਕਾਰ ਸ਼ਾਹੀ ਮੁਲਾਕਾਤ ਹੋਈ ਸੀ, ਉਸ ਸਥਾਨ ’ਤੇ ਲੱਗਾ ਪਿੱਪਲ ਹੁਣ ਸੁੱਕ ਗਿਆ ਹੈ ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਵੇਸਲਾ ਲੱਗ ਰਿਹਾ ਹੈ।
ਬੁਜ਼ਰਗ ਦੱਸਦੇ ਹਨ ਕਿ ਇਹ ਪਿੱਪਲ ਬਹੁਤ ਵੱਡਾ ਸੀ। ਇਤਿਹਾਸ ਅਨੁਸਾਰ ਇਸੇ ਪਿੱਪਲ ਥੱਲੇ ਬੈਠ ਕੇ ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ ਜਨਰਲ ਲਾਰਡ ਵਿਲੀਅਮ ਬੈਂਟਿਕ ਨਾਲ ਸ਼ਾਹੀ ਮੁਲਾਕਾਤ ਹੋਈ ਸੀ ਪ੍ਰੰਤੂ ਉਹ ਪਿੱਪਲ ਬੁਹਤ ਸਾਲ ਪਹਿਲਾਂ ਟੁੱਟ ਗਿਆ ਸੀ। ਜਿਹਡ਼ਾ ਪਿੱਪਲ ਹੁਣ ਖਡ਼੍ਹਾ ਹੈ, ਉਹ ਪੁਰਾਣੇ ਪਿੱਪਲ ਦੀਆਂ ਜਡ਼੍ਹਾਂ ਵਿਚੋਂ ਹੀ ਦੁਬਾਰਾ ਉੱਗਿਆ ਹੈ ਪਰ ਹੁਣ ਸੁੱਕ ਗਿਆ ਹੈ ਤੇ ਨਾਲ ਖਡ਼੍ਹਾ ਇਕ ਹੋਰ ਪਿੱਪਲ ਵੀ ਸੁੱਕਣ ਲੱਗ ਗਿਆ ਹੈ।
ਉਧਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਿੱਖ ਇਤਿਹਾਸ ਨਾਲ ਜੁਡ਼ੇ ਇਸ ਪਿੱਪਲ ਦੇ ਸੁੱਕਣ ਦਾ ਮਾਮਲੇ ਵਿਚ ਪ੍ਰਸ਼ਾਸਨ ਚਿੰਤਤ ਹੈ। ਇਸ ਦੀ ਦੇਖ-ਰੇਖ ਕਰਨ ਲਈ ਬਾਗਬਾਨੀ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਮੌਕੇ ਵਾਤਾਵਰਨ ਪ੍ਰੇਮੀ ਮਨਜੀਤ ਸਿੰਘ ਨੇ ਦੱਸਿਆ ਕਿ ਸਿੱਖ ਇਤਿਹਾਸ ਨਾਲ ਜੁਡ਼ੇ ਇਸ ਇਤਿਹਾਸਕ ਪਿੱਪਲ ਨੂੰ ਫਿਰ ਤੋਂ ਹਰਿਆ-ਭਰਿਆ ਕਰਨ ਲਈ ਉਪਰਾਲੇ ਕਰ ਰਿਹਾ ਹਾਂ। ਉਨ੍ਹÎਾਂ ਕਿਹਾ ਕਿ ਉਨ੍ਹਾਂ ਪਿੱਪਲ ਦੇ ਸੁੱਕਣ ਦੇ ਕਾਰਨਾਂ ਨੂੰ ਜਾਨਣ ਲਈ ਵਾਰ ਕਈ ਮਾਹਰਾਂ ਨੂੰ ਵੀ ਪੁੱਛਿਆ ਹੈ ਜਿਨ੍ਹ੍ਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਕਿਸੇ ਵੀ ਦਰੱਖਤ ਦੇ ਆਲੇ-ਦੁਆਲੇ ਨੂੰ ਪੱਕਾ ਕੀਤਾ ਜਾਂਦਾ ਹੈ ਤਾਂ ਦਰੱਖਤ ਨੂੰ ਜੋ ਧਰਤੀ ਵਿਚੋਂ ਤਾਕਤ ਮਿਲਣੀ ਹੁੰਦੀ ਹੈ, ਉਹ ਘੱਟ ਜਾਂ ਬੰਦ ਹੋ ਜਾਦੀ ਹੈ ਜਿਸ ਕਾਰਨ ਹੌਲੀ-ਹੌਲੀ ਦਰੱਖਤ ਸੁੱਕਣ ਲੱਗ ਜਾਂਦੇ ਹਨ, ਜੇਕਰ ਉਨ੍ਹਾਂ ਦੀ ਮੌਕੇ ’ਤੇ ਸੰਭਾਲ ਨਾ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਸੰਨ 1831 ਤਕ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿਚ ਇਕ ਵਿਸ਼ਾਲ ਰਾਜ ਸਥਾਪਤ ਕਰ ਲਿਆ ਸੀ ਜਿਸ ਵਿਚ ਸੂਬਾ ਮੁਲਤਾਨ ਵੀ ਸ਼ਾਮਲ ਸੀ। ਉਹ ਆਪਣੇ ਰਾਜ ਵਿਚ ਸਿੰਧ ਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਸੀ ਜੋ ਕਿ ਖੁਸ਼ਹਾਲ ਇਲਾਕਾ ਸੀ। ਇਥੋਂ ਦੇ ਸੁੰਮਦਰ ਦੇ ਰਸਤੇ ਯੂਰਪ ਨਾਲ ਵਪਾਰ ਵੀ ਕੀਤਾ ਜਾ ਸਕਦਾ ਸੀ ਪ੍ਰੰਤੂ ਅੰਗਰੇਜ਼ਾਂ ਦੀ ਨਜ਼ਰ ਵੀ ਸਿੰਧ ’ਤੇ ਸੀ। ਇਸੇ ਦੌਰਾਨ ਅੰਗਰੇਜ਼ ਜਨਰਲ ਲਾਰਡ ਵਿਲੀਅਮ ਬੈਂਟਿਕ 19 ਅਕਤੂਬਰ 1831 ਨੂੰ ਸ਼ਿਮਲੇ ਤੋਂ ਚੱਲ ਕੇ 22 ਅਕਤੂਬਰ ਨੂੰ ਸ਼ਾਮ ਵੇਲੇ ਰੋਪਡ਼ ਪਹੁੰਚੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਵੀ 25 ਅਕਤੂਬਰ ਦੀ ਸਵੇਰ ਨੂੰ ਲਾਹੌਰ ਤੋਂ ਆਏ ਤੇ 26 ਅਕਤੂਬਰ 1831 ਨੂੰ ਦੋ ਮਹਾਨ ਸ਼ਕਤੀਆਂ ਦੀ ਇਸ ਸਥਾਨ ’ਤੇ ਸ਼ਾਹੀ ਮਿਲਣੀ ਹੋਈ ਸੀ।
ਇੱਥੇ ਮਹਾਰਾਜਾ ਰਣਜੀਤ ਸਿੰਘ ਲਾਉਂਦੇ ਸਨ ਦਰਬਾਰ
ਸਤਲੁਜ ਦਰਿਆ ਦੇ ਦੂਜੇ ਪਾਸੇ ਇਤਿਹਾਸਕ ਵਿਰਾਸਤੀ ਪਹਾਡ਼ੀ ’ਤੇ ਨਿਸ਼ਾਨ ਏ ਖਾਲਸਾ ਨਾਮਕ ਨਿਗਰਾਨ ਚੌਂਕੀ ਵੀ ਸਥਾਪਤ ਕੀਤੀ ਸੀ ਅਤੇ ਮੋਰਚਾਬੰਦੀ ਹਿੱਤ ਅਸ਼ਟਧਾਤੂ ਤੇ ਸਤੰਭ ਸਥਾਪਤ ਕੀਤੇ ਗਏ ਹਨ। ਦੱਸਿਆ ਜਾਂਦਾ ਹੈ ਕਿ ਇਸ ਪਾਸੇ ਮਹਾਰਾਜਾ ਰਣਜੀਤ ਸਿੰਘ ਦਰਬਾਰ ਲਗਾਉਂਦੇ ਸਨ ਪ੍ਰੰਤੂ ਇਹ ਹਿੱਸਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਵਿਚ ਪੈਂਦਾ ਹੈ। ਇਥੇ ਨੇਡ਼ੇ ਬਣੀ ਸਵਰਾਜ ਮਾਜ਼ਦਾ ਫੈਕਟਰੀ ਦੀ ਮਨਜ਼ੂਰੀ ਲੈਣ ਤੋਂ ਬਾਅਦ ਹੀ ਇਸ ਵਿਰਾਸਤੀ ਪਹਾਡ਼ੀ ’ਤੇ ਜਾ ਸਕਦੇ ਹਨ ਜਿਸ ਦੀ ਸੰਭਾਲ ਲਈ ਪੰਜਾਬ ਹੈਰੀਟੇਜ ਫਾਊਡੇਸ਼ਨ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ।