ਸੁਰਿੰਦਰ ਸਿੰਘ ਸੋਨੀ ਸ੍ਰੀ ਆਨੰਦਪੁਰ ਸਾਹਿਬ : ਸ਼ਹਿਰ ਦੇ ਮੇਨ ਬਾਜ਼ਾਰ ਵਿਚ ਇਲਾਕੇ ਦੀ ਮਸ਼ਹੂਰ ਦੁਕਾਨ ਸਤਪਾਲ ਜਿਊਲਰਜ਼ ਦੀ ਦੁਕਾਨ ਤੋਂ ਚੋਰ ਸੋਨਾ,ਚਾਂਦੀ ਤੇ ਨਕਦੀ ਲੈ ਕੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਤਪਾਲ ਜਿਊਲਰਜ਼ ਦੇ ਮਾਲਕ ਅਮਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਸਵੇਰੇ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਉਨ੍ਹਾਂ ਦੇ ਕਾਊਂਟਰ ਦੇ ਖਾਨੇ ਖੁੱਲ੍ਹੇ ਹੋਏ ਸਨ, ਜਦੋਂ ਕਿ ਉਹ ਰੋਜ਼ਾਨਾ ਬੰਦ ਕਰਕੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਸਾਰਾ ਸੋਨਾ ਦੁਕਾਨ ਵਿੱਚ ਪਈ ਇਕ ਅਲਮਾਰੀ ਵਿੱਚ ਬੰਦ ਕਰਕੇ ਜਾਂਦੇ ਹਾਂ। ਅਲਮਾਰੀ ਤੋਂ ਬਾਹਰ ਚਾਂਦੀ, ਥੋੜ੍ਹਾ ਜਿਹਾ ਸੋਨਾ ਤੇ ਗੱਲੇ ਦੇ ਵਿੱਚ ਨਕਦ ਪੈਸੇ ਸਨ ਜੋ ਚੋਰ ਲੈ ਗਏ। ਉਨ੍ਹਾਂ ਦੱਸਿਆ ਕਿ ਸਾਡਾ ਤਿੰਨ ਤੋਂ ਚਾਰ ਲੱਖ ਦੇ ਵਿੱਚ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਾਡੀ ਦੁਕਾਨ ਦੀ ਤੀਸਰੀ ਮੰਜ਼ਿਲ ਉੱਤੇ ਦਰਵਾਜ਼ਾ ਲੱਗਾ ਹੋਇਆ ਹੈ ਜਿਥੋਂ ਚੋਰ ਦੁਕਾਨ ਦੇ ਅੰਦਰ ਦਾਖ਼ਲ ਹੋਏ ਤੇ ਸਾਮਾਨ ਲੈ ਕੇ ਉਸੇ ਰਸਤੇ ਵਾਪਸ ਹੋ ਗਏ। ਉਨ੍ਹਾਂ ਮੰਗ ਕੀਤੀ ਕਿ ਚੋਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸਾਡਾ ਸਾਮਾਨ ਬਰਾਮਦ ਕਰਵਾਇਆ ਜਾਵੇ। ਮੌਕੇ ਉੱਤੇ ਪੁੱਜੇ ਪੁਲਿਸ ਚੌਂਕੀ ਦੇ ਇੰਚਾਰਜ ਮੈਡਮ ਸਵਾਤੀ ਧੀਮਾਨ ਨੇ ਕਿਹਾ ਕਿ ਅਸੀਂ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਹਾਂ ਤੇ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਸ ਮੌਕੇ ਪੁੱਜੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਦੁਕਾਨਾਂ ਉੱਤੇ ਚੋਰੀਆਂ ਹੋ ਚੁੱਕੀਆਂ ਹਨ ਜਿਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਦੱਸ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਰਾਤ ਦੀ ਗਸ਼ਤ ਵਿੱਚ ਵਾਧਾ ਕਰੇ ਤੇ ਚੋਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਚੋਰੀ ਦਾ ਸਾਮਾਨ ਬਰਾਮਦ ਕੀਤਾ ਜਾਵੇ।