ਦੇਸ਼ ਦਾ ਸੰਵਿਧਾਨ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਸਿੱਧਾ ਚੁਣਨ ਦੀ ਇਜਾਜ਼ਤ ਨਹੀਂ ਦਿੰਦਾ
ਸਟਾਫ਼ ਰਿਪੋਰਟਰ, ਰੂਪਨਗਰ : ਸੀਪੀਆਈ(ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਪੰਜਾਬ ਅੰਦਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਚੋਣਾਂ ਲੜਨ ਦੀ ਕਾਰਵਾਈ ਨੂੰ ਗ਼ੈਰ ਸੰਵਿਧਾਨਿਕ ਕਰਾਰ ਦਿੱਤਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੇਖੋਂ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਸਿੱਧਾ ਚੁਣਨ ਦੀ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਦੋਸ਼ ਲਗਾਇਆ ਕਿ ਅਸਲ ਗੱਲ ਤਾਂ ਇਹ ਹੈ ਕਿ ਸਰਮਾਏਦਾਰ ਧਿਰਾਂ ਆਪਸ 'ਚ ਮਿਲੀਆਂ ਹੋਈਆਂ ਹਨ। ਹੁਣ ਇਹ ਧਿਰਾਂ ਚਿਹਰਿਆਂ 'ਤੇ ਚਰਚਾ ਕਰਵਾਉਣਾ ਚਾਹੁੰਦੀਆਂ ਹਨ ਤੇ ਇਕ-ਦੂਜੇ ਨੂੰ ਮੰਦਾ ਚੰਗਾ ਵੀ ਬੋਲਣਗੀਆਂ ਚਿਹਰਿਆਂ ਦੇ ਸਵਾਲ 'ਤੇ ਚੋਣ ਲੜਣਾ ਚਾਹੁੰਦੀਆਂ ਹਨ। ਜਿਸ ਨੂੰ ਸੀਪੀਆਈ(ਐੱਮ) ਨਾ ਕੇਵਲ ਰੱਦ ਕਰਦੀ ਹੈ ਸਗੋਂ ਚੋਣ ਕਮਿਸ਼ਨ ਤੋਂ ਮੰਗ ਕਰਦੀ ਹੈ ਕਿ ਜਿਹੜੀਆਂ ਪਾਰਟੀਆਂ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰੇ ਐਲਾਨ ਦੀਆਂ ਫਿਰਦੀਆਂ ਹਨ। ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਤੇ ਪੰਜਾਬ 'ਚ ਭਾਜਪਾ ਵਰਗੀਆਂ ਫਿਰਕੂ ਤੇ ਫਾਂਸੀਵਾਦੀ ਤਾਕਤਾਂ ਨੂੰ ਹਰਾਉਣਾ ਹੀ ਸੀਪੀਆਈ(ਐੱਮ) ਦਾ ਮੁੱਖ ਨਿਸ਼ਾਨਾ ਹੈ ਤੇ ਪੰਜਾਬ ਦੇ ਸੰਦਰਭ 'ਚ ਵੰਡਪਾਊ ਤੇ ਵੱਖਵਾਦੀ ਤਾਕਤਾਂ ਨੂੰ ਹਰਾਉਣਾ ਵੀ ਪਾਰਟੀ ਦਾ ਨਿਸ਼ਾਨਾ ਹੈ। ਉਨ੍ਹਾਂ ਕਿਹਾ ਕਿ ਸੀਪੀਆਈ (ਐੱਮ) ਪੰਜਾਬ ਅੰਦਰ ਧਰਮ ਨਿਰਪੱਖ ਤੇ ਜਮਹੂਰੀ ਤਾਕਤਾਂ ਦੀਆਂ ਵੋਟਾਂ ਦੀ ਵੰਡ ਰੋਕਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਲੋਕਾਂ ਦੇ ਜਿਨ੍ਹਾਂ ਮੁੱਦਿਆਂ 'ਤੇ ਚੋਣਾਂ ਲੜੀਆਂ ਜਾਣੀਆਂ ਚਾਹੀਦੀਆਂ ਹਨ, ਉਹ ਮੁੱਦੇ ਗਾਇਬ ਹਨ ਪਰੰਤੂ ਸੀਪੀਆਈ (ਐੱਮ) ਇਨ੍ਹਾਂ ਮੁੱਦਿਆਂ ਨੂੰ ਚਰਚਾ 'ਚ ਲਿਆਵੇਗੀ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪੱਧਰ ਤੱਕ ਸਿੱਖਿਆ ਮੁਫ਼ਤ ਹੋਣੀ ਚਾਹੀਦੀ ਹੈ, ਨੌਜਵਾਨਾਂ ਲਈ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤੇ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤੇ ਜਨਤਕ ਖੇਤਰ 'ਚ ਬਿਹਤਰ ਤੇ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਕੁੱਝ ਤਾਕਤਾਂ ਪੰਜਾਬ ਦੇ ਨੌਜਵਾਨਾਂ ਦੀ ਬੇਰੁਜ਼ਗਾਰੀ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਨੂੰ ਨਸ਼ੇੜੀ ਬਣਾਉਣ ਤੇ ਗੈਂਗਵਾਰ 'ਚ ਧੱਕਣ ਲਈ ਯਤਨਸ਼ੀਲ ਹਨ, ਜਿਸ ਨੂੰ ਠੱਲ੍ਹ ਪਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਵਰਤਾਰੇ ਲਈ ਪੰਜਾਬ ਅੰਦਰ ਵਾਰੀ-ਵਾਰੀ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ੇ, ਭੂ ਮਾਫੀਆ, ਰੇਤ ਮਾਫੀਆ, ਸ਼ਰਾਬ ਮਾਫੀਆਂ ਧੜੱੱਲੇ ਨਾਲ ਸਰਕਾਰੀ ਸਰਪ੍ਰਸਤੀ ਹੇਠ ਚੱਲ ਰਿਆ ਹੈ, ਜਿਸ ਲਈ ਰਾਜ ਕਰਨ ਵਾਲੀਆਂ ਪਾਰਟੀਆਂ ਜ਼ਿੰਮੇਵਾਰ ਹਨ।
ਉਨ੍ਹਾਂ ਦੱਸਿਆ ਕਿ ਸੀਪੀਆਈ (ਐੱਮ) ਪੰਜਾਬ 'ਚ 14 ਸੀਟਾਂ 'ਤੇ ਇਕੱਲਿਆਂ ਹੀ ਚੋਣ ਲੜੇਗੀ, ਜਿਸ 'ਚ ਰੂਪਨਗਰ ਜ਼ਿਲ੍ਹੇ ਦੀ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਰੂਪਨਗਰ ਦੀ ਸੀਟ 'ਤੇ ਆਜ਼ਾਦ ਉਮੀਦਵਾਰ ਬਚਿੱਤਰ ਸਿੰਘ ਜਟਾਣਾ ਨੂੰ ਹਮਾਇਤ ਦੇਣਾ ਸੰਭਵ ਹੈ। ਜਿਸ ਬਾਰੇ ਫ਼ੈਸਲਾ ਪਾਰਟੀ ਦੀ ਸੰਬੰਧਤ ਕਮੇਟੀ ਵੱਲੋਂ ਕੀਤਾ ਜਾਵੇਗਾ।
ਇਸ ਮੌਕੇ ਗੁਰਦੇਵ ਸਿੰਘ ਬਾਗੀ, ਬਚਿੱਤਰ ਸਿੰਘ ਜਟਾਣਾ, ਕਾਮਰੇਡ ਜਸਵੰਤ ਸਿੰਘ ਸੈਣੀ, ਹਰਨੇਕ ਸਿੰਘ ਭੂਰਾ, ਹਰੀ ਸਿੰਘ ਝੱਖੀਆਂ, ਸੁਰਿੰਦਰ ਸਿੰਘ ਿਛੰਦਾ, ਜਗਰੂਪ ਸਿੰਘ, ਰਿੰਕੂ ਫੂਲਪੁਰ ਗਰੇਵਾਲ, ਪਰਵਿੰਦਰ ਕੰਗ, ਗੁਰਿੰਦਰਪਾਲ ਸਿੰਘ ਵੀ ਮੌਜੂਦ ਸਨ।