ਪਰਮਜੀਤ ਕੌਰ, ਸ੍ਰੀ ਚਮਕੌਰ ਸਾਹਿਬ : ਪੀਡਬਲਿਊਡੀ ਭਵਨ 'ਤੇ ਮਾਰਗ, ਜਲ ਸਪਲਾਈ ਤੇ ਸੈਨੀਟੇਸ਼ਨ ਸਿੰਚਾਈ, ਡਰੇਨਜ਼ ਤੇ ਸੀਵਰੇਜ਼ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ (ਡੈਮੋਕੇ੍ਟਿਕ) ਪੰਜਾਬ ਦੀ ਆਨਲਾਈਨ ਸੂਬਾਈ ਮੀਟਿੰਗ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋਂ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਬਲਰਾਜ ਮੌੜ ਨੇ ਦੱਸਿਆ ਕਿ ਪੰਜਾਬ ਦੇ ਲੱਖਾਂ ਮੁਲਾਜ਼ਮਾਂ, ਪੈਨਸ਼ਨਰਾਂ, ਠੇਕਾ ਆਧਾਰਤ ਤੇ ਮਾਣ ਭੱਤਾ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਸੰਘਰਸ਼ ਰੱਖਣ ਸੁਨੇਹੇ ਤਹਿਤ ਪੰਜਾਬ ਤੇ ਯੂਟੀ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ ਦੀ ਜਲੰਧਰ ਕਨਵੈਨਸ਼ਨ 'ਚ ਪਾਸ ਕੀਤੇ ਮਤਿਆਂ ਮੁਤਾਬਿਕ 26 ਜਨਵਰੀ ਨੂੰ ਮੁੱਖ ਮੰਤਰੀ ਸਮੇਤ ਵਿੱਤ ਮੰਤਰੀ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਪ੍ਰਦਰਸ਼ਨ ਕਰਨਾ, 1 ਫਰਵਰੀ ਨੂੰ ਵਿੱਤ ਮੰਤਰੀ ਦੇ ਹਲਕੇ ਬਠਿੰਡਾ ਵਿਖੇ ਝੰਡਾ ਮਾਰਚ ਦੇ ਉਲੀਕੇ ਸੰਘਰਸ਼ ਪੋ੍ਗਰਾਮ 'ਚ ਜੱਥੇਬੰਦੀ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਫੀਲਡ ਮੁਲਾਜ਼ਮ ਸ਼ਮੂਲੀਅਤ ਕਰਨਗੇ। ਮੀਟਿੰਗ 'ਚ ਪੇ-ਕਮਿਸ਼ਨ ਵੱਲੋਂ ਫੀਲਡ ਮੁਲਾਜ਼ਮਾਂ ਨਾਲ ਕੀਤੇ ਭਾਰੀ ਵਿਤਕਰੇ, ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਪੇਂਡੂ ਭੱਤਾ ਸਮੇਤ 37 ਭੱਤਿਆਂ 'ਚ ਕੀਤੀ ਕਟੌਤੀ, ਏਸੀਪੀ ਤਹਿਤ ਫੈਸਲਾ ਠੰਡੇ ਬਸਤੇ 'ਚ ਪਾਉਣ, ਵੱਖ-ਵੱਖ ਵਿਭਾਗਾਂ 'ਚ ਹਜ਼ਾਰਾਂ ਠੇਕਾ ਆਧਾਰਤ ਕਾਮਿਆਂ ਨੂੰ ਪੱਕਾ ਨਾ ਕਰਨ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨ, ਜਲ ਸਪਲਾਈ ਤੇ ਸੈਨੀਟੇਸ਼ਨ ਦੇ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ 'ਚ ਫ਼ੈਸਲਾ ਕੀਤਾ ਕਿ ਫੀਲਡ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਵਿਭਾਗ ਦੇ ਪ੍ਰਮੁੱਖ ਸਕੱਤਰ ਐੱਚਓਡੀ ਸਮੇਤ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਨੂੰ ਡੈਪੂਟੇਸ਼ਨ ਮਿਲਿਆ ਜਾਵੇਗਾ। ਮੀਟਿੰਗ 'ਚ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਨੂੰ ਮੰਗ-ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਦੇ ਨੋਟੀਿਫ਼ਕੇਸ਼ਨ 4/7/00 2 ਐੱਫਪੀ 1/375 ਮਿਤੀ 12.08.2009 ਰਾਹੀਂ ਸ਼ਹਿਰਾਂ ਦੀ ਦਰਜਬੰਦੀ ਏਬੀਸੀਡੀ ਕੀਤੀ ਗਈ ਹੈ, ਜਿਸ ਤਹਿਤ ਜ਼ਿਲ੍ਹਾ ਰੋਪੜ ਤੇ ਸ੍ਰੀ ਫਤਹਿਗੜ੍ਹ ਸਾਹਿਬ, ਨਵਾਂ ਸ਼ਹਿਰ ਕਲਾਸ ਡੀ 'ਚ ਪਾਏ ਗਏ ਹਨ। ਉਕਤ ਯੂਨੀਅਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਿੰਨੋਂ ਜ਼ਿਲਿ੍ਹਆਂ ਨੂੰ ਕਲਾਸ ਡੀ 'ਚੋਂ ਕੱਢ ਕੇ ਬੀ ਜਾਂ ਸੀ 'ਚ ਪਾਇਆ ਜਾਵੇ। ਇਸ ਮੌਕੇ ਪ੍ਰਸ਼ੋਤਮ ਚੌਹਾਨ, ਸਤਪਾਲ ਭੈਣੀ, ਜਸਵਿੰਦਰ ਸਿੰਘ, ਅਰਜਨ ਸਰਾਂ, ਧਰਮ ਸਿੰਘ, ਬਹਾਲ ਸਿੰਘ, ਧਰਮ ਚੰਦ, ਦੀਦਾਰ ਸਿੰਘ, ਰੌਸ਼ਨ ਲਾਲ, ਹਰਦੇਵ ਸਿੰਘ, ਬਲਜਿੰਦਰ ਸਿੰਘ, ਜਸਵੰਤ ਸਿੰਘ, ਹਰਬੰਸ ਸਿੰਘ, ਲਾਲ ਚੰਦ, ਹੰਸ ਰਾਜ ਧਾਰੀਵਾਲ ਤੇ ਤਰਸੇਮ ਸਿੰਘ ਆਦਿ ਆਗੂ ਹਾਜ਼ਰ ਸਨ।