ਪਰਮਜੀਤ ਕੌਰ, ਸ੍ਰੀ ਚਮਕੌਰ ਸਾਹਿਬ: ਅੱਜ ਪੰਜਾਬ ਵਿਚ ਗੰਨ ਕਲਚਰ ਅਤੇ ਗੈਂਗਵਾਰ ਕਾਰਨ ਅਮਨ ਕਾਨੂੰਨ ਦੀ ਵਿਗੜਦੀ ਸਥਿਤੀ ਚਿੰਤਾ ਦਾ ਕਾਰਨ ਬਣੀ ਹੋਈ ਹੈ । ਹਰ ਕੋਈ ਅਮਨ ਸ਼ਾਂਤੀ ਨਾਲ ਜਿਊਣਾ ਚਾਹੁੰਦਾ ਹੈ । ਪੰਜਾਬ ਨੂੰ ਅਜਿਹੇ ਹਾਲਾਤਾਂ ਤੋਂ ਨਿਜ਼ਾਤ ਮਿਲੇ । ਇਸ ਸੰਬੰਧੀ ਪੇਸ਼ ਕੁਝ ਬੁੱਧੀਜੀਵੀਆਂ ਅਤੇ ਸਮਾਜਿਕ ਚਿੰਤਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।
ਗੰਨ ਕਲਚਰ ਖਤਮ ਕਰਨ ਲਈ ਗ੍ਹਿ ਮੰਤਰਾਲੇ ਹੋਵੇ ਸਖਤ: ਹੀਰਾ
ਅਧਿਆਪਕ ਆਗੂ ਅਤੇ ਲੇਖਕ ਗੁਰਪ੍ਰਰੀਤ ਸਿੰਘ ਹੀਰਾ ਅਨੁਸਾਰ ਅੱਜ ਪੰਜਾਬ ਅੰਦਰ ਗੰਨ ਕਲਚਰ ਤੇ ਗੈਂਗਵਾਰ, ਭਖਵੇਂ ਮਸਲੇ ਦੇ ਤੌਰ 'ਤੇ ਚੱਲ ਰਿਹਾ ਹੈ। ਸਰਹੱਦੀ ਸੂਬਾ ਹੋਣ ਕਾਰਨ ਰੱਖਿਆ ਦੇ ਪੱਖ ਤੋਂ ਪੰਜਾਬ ਅੰਦਰ ਘਰੇ ਹਥਿਆਰ ਰੱਖਣ ਦਾ ਪੁਰਾਤਨ ਸੱਭਿਆਚਾਰ ਹੈ,ਜੋ ਆਧੁਨਿਕਤਾ ਦੇ ਦੌਰ ਵਿੱਚ ਗੰਨ ਕਲਚਰ ਤੱਕ ਪਹੁੰਚਿਆ ਹੈ। ਧਨ ਦੀ ਬਹੁਲੱਤਾ ਤੇ ਗਾਇਕੀ ਦੇ ਹਥਿਆਰਾਂ ਨੂੰ ਪ੍ਰਫਲਿਤ ਕਰਨ ਦੇ ਦਹਾਕਿਆਂ ਲੰਮੇ ਦੌਰ ਨੇ ਆਧੁਨਿਕ ਹਥਿਆਰ ਰੱਖਣ ਨੂੰ ਨੌਜਵਾਨੀ ਦਾ ਸ਼ੌਕ ਬਣਾ ਛੱਡਿਆ ਹੈ। ਨਸ਼ਾ-ਕਾਰੋਬਾਰੀਆਂ ਤੇ ਨਿੱਜਵਾਦੀ ਸਿਆਸਤ ਨੇ ਗੰਨ ਕਲਚਰ ਨੂੰ ਬਦਲਵੇਂ ਰੂਪ ਵਿੱਚ ਗੈਂਗਵਾਰ ਵਾਰ ਤੱਕ ਪਹੁੰਚਾ ਛੱਡਿਆ ਹੈ। ਪੰਜਾਬ ਵਿਚੋਂ ਗੰਨ ਕਲਚਰ ਤੇ ਗੈਂਗਵਾਰ ਨੂੰ ਜੜਾਂ੍ਹ ਤੋਂ ਖਤਮ ਕਰਨ ਲਈ ਗ੍ਹਿ ਵਿਭਾਗ ਦੇ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਾਲ ਨਾਲ ਨੌਜਵਾਨੀ ਲਈ ਕਿਸੇ ਠੋਸ ਖਰੜੇ ਦੀ ਲੋੜ ਹੈ।
ਸਵੈ ਰੱਖਿਆ ਲਈ ਹਥਿਆਰ ਜ਼ਰੂਰੀ- ਮੰਡ
ਸਾਹਿਤ ਸਭਾ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਸੁਰਜੀਤ ਮੰਡ ਦਾ ਕਹਿਣਾ ਹੈ ਕਿ ਹਥਿਆਰਾਂ ਨਾਲ਼ ਮਨੁੱਖ ਸਬੰਧ ਜੰਗਲੀ ਜੀਵਨ ਤੋਂ ਹੈ। ਅੱਜ ਇਹ ਬਹੁਤੇ ਲੋਕ ਸ਼ੁਹਰਤ ਵਾਸਤੇ ਰੱਖ ਰਹੇ ਹਨ। ਸਵੈ-ਰੱਖਿਆ ਲਈ ਹਥਿਆਰ ਰੱਖਣਾ ਕੋਈ ਗ਼ਲਤ ਨਹੀਂ। ਜੰਗਲੀ ਜਾਨਵਰਾਂ ਤੋਂ ਫ਼ਸਲਾਂ ਦੀ ਰਾਖੀ ਲਈ ਹਥਿਆਰ ਬਹੁਤ ਜ਼ਰੂਰੀ ਹੈ। ਗੀਤਕਾਰਾਂ ਨੂੰ ਅਪਣੇ ਗੀਤਾਂ ਵਿੱਚ ਹਥਿਆਰਾਂ ਦਾ ਪਰਚਾਰ ਨਹੀਂ ਕਰਨਾ ਚਾਹੀਦਾ ਤਾਂ ਜੋ ਬਾਲ-ਉਮਰ ਵਿੱਚ ਪੈਣ ਵਾਲ਼ੇ ਮਾੜੇ ਪ੍ਰਭਾਵ ਤੋਂ ਬਚਿਆ ਜਾ ਸਕੇ। ਵਿਖਾਵੇ ਲਈ ਹਥਿਆਰ ਰੱਖਣ ਵਾਲੀ ਰੁਚੀ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ। ਸਮਾਗਮਾਂ ਵਿੱਚ ਹਥਿਆਰ ਲੈ ਕੇ ਜਾਣ 'ਤੇ ਸਖ਼ਤ ਪਾਬੰਦੀ ਹੋਣੀ ਚਾਹੀਦੀ ਹੈ ।
ਸਰਕਾਰ ਦੀ ਪਹਿਲ-ਕਦਮੀ ਸਵਾਗਤਯੋਗ-ਸੁਖਦੇਵ ਸਿੰਘ
ਸਟੇਟ ਐਵਾਰਡੀ ਅਧਿਆਪਕ ਸੁਖਦੇਵ ਸਿੰਘ ਪੰਜਰੁੱਖਾ ਦੇ ਵਿਚਾਰ ਹਨ ਕਿ ਰਸੂਲ ਹਮਜਾਤੋਵ ਦਾ ਕਥਨ ਹੈ ,' ਹਥਿਆਰ ਜਿਨਾਂ੍ਹ ਦੀ ਇੱਕ ਵਾਰ ਹੀ ਲੋੜ ਪਵੇਗੀ ਜ਼ਿੰਦਗੀ ਭਰ ਚੁੱਕਣੇ ਪੈਂਦੇ ਹਨ '।ਪਰ ਇਸ ਦੇ ਬਾਵਜੂਦ ਨੌਜਵਾਨਾਂ ਵਿੱਚ ਵੱਧ ਰਿਹਾ ਗੰਨ ਕਲਚਰ ਗੰਭੀਰ ਚਿੰਤਾ ਦਾ ਵਿਸ਼ਾ ਹੈ ।ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਨੂੰ ਰੋਕਣ ਲਈ ਲਈ ਕੀਤੀ ਪਹਿਲ-ਕਦਮੀ ਸਵਾਗਤਯੋਗ ਹੈ । ਪਰ ਇਸ ਗੰਨ ਕਲਚਰ ਦੇ ਨਾਂ ਤੇ ਆਮ ਲੋਕਾਂ ਤੇ ਸਖ਼ਤੀ ਕਰਕੇ ਕਰਕੇ ਇਸ ਦਾ ਹੱਲ ਅਸੰਭਵ ਹੈ । ਗੰਨ ਕਲਚਰ ਨੂੰ ਰੋਕਣ ਤੋਂ ਪਹਿਲਾ ਜ਼ਰੂਰਤ ਉਸ ਕਲਚਰ ਨੂੰ ਰੋਕਣ ਦੀ ਹੈ ਜਿਸ ਨੇ ਗੰਨ ਕਲਚਰ ਪੈਦਾ ਕੀਤਾ ਹੈ । ਚਾਹੇ ਉਹ ਫਿਲਮਾਂ ਹੋਣ , ਕਲਾਕਾਰ ਹੋਣ , ਨੇਤਾਵਾਂ ਦੇ ਦੁਆਲ਼ੇ ਹਥਿਆਰਬੰਦ ਕਰਮੀਆਂ ਦੇ ਝੁੰਡ ਹੋਣ , ਬਾਬਿਆਂ ਦੇ ਬੰਦੂਕਾਂ ਵਾਲੇ ਬਾਡੀਗਾਰਡ ਹੋਣ ਜਾਂ ਜੈੱਡ ਸੁਰੱਖਿਆ ਲਈ ਘੁੰਮਦੇ ਬੜਬੋਲੇ ਲੋਕ ਹੋਣ । ਬਹੁਤੀ ਵਾਰ ਆਮ ਲੋਕਾਂ ਨਾਲ ਹੁੰਦਾ ਦੂਜੇ ਦਰਜੇ ਦੇ ਨਾਗਰਿਕਾਂ ਵਾਲਾ ਵਰਤਾਓ , ਬੇਇਨਸਾਫ਼ੀ ਅਤੇ ਧੱਕੇਸ਼ਾਹੀ ਵੀ ਅਣਭੋਲ ਲੋਕਾਂ ਨੂੰ ਹਥਿਆਰ ਚੁੱਕਣ ਲਈ ਮਜਬੂਰ ਕਰਦੀ ਹੈ । ਕੁੱਝ ਵੀ ਹੋਵੇ , ਹਰ ਬੁਰਾਈ ਦੇ ਖ਼ਾਤਮੇ ਲਈ ਸਖ਼ਤੀ ਨਹੀਂ , ਸਿੱਖਿਆ ਹੀ ਮਹੱਤਵਪੂਰਨ ਮਾਧਿਅਮ ਹੈ । ਲੋਕ ਮਨਾ ਵਿੱਚ ਪੈਦਾ ਹੋਈ ਨਫ਼ਰਤ ਨੂੰ ਖਤਮ ਕਰਕੇ ਦੁਬਾਰਾ ਇਕੱਠੇ ਰਹਿਣਾ ਸਿੱਖਣਾ ਹੋਵੇਗਾ, ਇਸ ਨੂੰ ਠੀਕ ਕਰਨ ਲਈ , ਦਿਨ , ਮਹੀਨੇ , ਸਾਲ ਨਹੀਂ ਸਗੋਂ ਦਹਾਕੇ ਲੱਗ ਸਕਦੇ ਹਨ ।
ਬੱਚਿਆਂ ਨੂੰ ਕਿਤਾਬਾਂ ਨਾਲ ਜੋੜੋ-ਭੰਗੂ
ਸਾਹਿਤਕਾਰ ਅਤੇ ਅਧਿਆਪਕ ਧਰਮਿੰਦਰ ਸਿੰਘ ਭੰਗੂ ਦਾ ਮੰਨਣਾ ਹੈ ਕਿ ਗੰਨ ਸਭਿਆਚਾਰ ਦੀ ਕਾਟ ਕਿਤਾਬ ਸਭਿਆਚਾਰ ਹੀ ਹੈ ਅਤੇ ਜੇਕਰ ਬਚਪਨ ਵਿਚ ਹੀ ਬੱਚਿਆਂ ਦਾ ਮਨ ਕਿਤਾਬਾਂ ਨਾਲ ਜੁੜ ਜਾਵੇ ਤਾਂ ਸਮਾਜ ਪ੍ਰਤੀ ਉਸਦਾ ਨਜ਼ਰੀਆ ਵੱਖਰਾ ਹੁੰਦਾ ਹੈ । ਉਹ ਕਿਸੇ ਵੀ ਵਿਰੋਧਾਭਾਸ ਵਿਚ ਹਥਿਆਰਾਂ ਦੀ ਥਾਂ ਵਿਚਾਰਾਂ ਨੂੰ ਹੀ ਤਰਜੀਹ ਦੇਵੇਗਾ । ਕਿਤਾਬਾਂ ਮਨੁੱਖ ਨੂੰ ਜੀਓ ਅਤੇ ਜੀਉਣ ਦਿਓ ਵਾਲੀ ਵਿਚਾਰਧਾਰਾ ਦੇ ਰਾਹ ਤੋਰਦੀਆਂ ਹਨ । ਉਨਾਂ੍ਹ ਦਾ ਮੰਨਣਾ ਹੈ ਕਿ ਪਿੰਡ - ਪਿੰਡ ਲਾਇਬਰੇਰੀਆਂ ਖੱਲ੍ਹਣੀਆਂ ਚਾਹੀਦੀਆਂ ਹਨ ਅਤੇ ਪਾਠਕ ਮੰਚ ਬਣਨੇ ਚਾਹੀਦੇ ਹਨ, ਸਰਕਾਰ ਨੂੰ ਸ਼ੋਸ਼ਲ ਮੀਡੀਆ 'ਤੇ ਹਥਿਆਰ ਨਾਲ ਪਾਈ ਫੋਟੋ ਕਰਨ ਪਰਚੇ ਕਰਨ ਨਾਲੋਂ ਇਸ ਪਾਸੇ ਉਪਰਾਲੇ ਕਰਨ ਦੀ ਲੋੜ ਹੈ ।
ਸੋਸ਼ਲ ਮੀਡੀਆ ਕਾਰਨ ਹੋਇਆ ਪ੍ਰਫੁੱਲਿਤ- ਚੌਂਤਾ
ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਰਗਰਮ ਆਗੂ ਅਤੇ ਚਿੰਤਕ ਰਾਜਵੀਰ ਸਿੰਘ ਚੌਂਤਾ ਦੇ ਵਿਚਾਰ ਹਨ ਕਿ ਪੰਜਾਬ ਵਿੱਚ ਗੰਨ ਸਭਿਆਚਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਛਾਏ ਰਹਿਣ ਦੀ ਹੋੜ ਨੇ ਸਾਡੀ ਨੌਜਵਾਨੀ ਦੇ ਹੱਥਾਂ ਵਿੱਚ ਕਿਤਾਬ ਦੀ ਜਗ੍ਹਾ ਬੰਦੂਕ ਫੜਾ ਦਿੱਤੀ।ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਰਹਿਣ ਅਤੇ ਸਮਾਜ ਨਾਲੋਂ ਵੱਖਰੇ ਹੋਣ ਦਾ ਅਹਿਸਾਸ ਕਰਦਿਆਂ ਨੌਜਵਾਨੀਂ ਨੂੰ ਲੱਗਦਾ ਹੈ ਕਿ ਉਹ ਦੂਜਿਆਂ ਨਾਲੋ ਵੱਖਰੇ ਨੇ।ਵਿਹਲੇ ਮਨ ਨੂੰ ਸ਼ੈਤਾਨ ਦਾ ਘਰ ਕਿਹਾ ਜਾਂਦਾ ਹੈ,ਸਰਕਾਰਾਂ ਵੱਲੋਂ ਨੌਜਵਾਨ ਪੀੜ੍ਹੀ ਦਾ ਸਮਾਂ ਕਿਸੇ ਰੁਜ਼ਗਾਰ ਵਿੱਚ ਲਗਾਉਣ ਦੀ ਬਜਾਏ ਬੇਰੁਜ਼ਗਾਰੀ ਕਾਰਨ ਦਿਸ਼ਾਹੀਣ ਹੋਇਆ ਹੈ।ਸੋਸ਼ਲ ਮੀਡੀਆ ਤੇ ਇੱਕ ਦੂਜੇ ਪ੍ਰਤੀ ਜ਼ਹਿਰ ਉਗਲਣ ਵਾਲੇ ਸ਼ੈਤਾਨੀ ਮਨਾਂ ਤੇ ਸਰਕਾਰ ਦੁਆਰਾ ਨਕੇਲ ਕਸਣੀ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਦਮ ਹੈ।
ਫੋਟੋ-30 ਆਰਪੀਆਰ 15
ਕੈਪਸ਼ਨ....ਗੁਰਪ੍ਰਰੀਤ ਸਿੰਘ ਹੀਰਾ
ਫੋਟੋ-30 ਆਰਪੀਆਰ 16
ਕੈਪਸ਼ਨ....ਪ੍ਰਧਾਨ ਸੁਰਜੀਤ ਮੰਡ
ਫੋਟੋ-30 ਆਰਪੀਆਰ 17
ਕੈਪਸ਼ਨ....ਸੁੱਖ ਦੇਵ ਸਿੰਘ ਪੰਜਰੁੱਖਾਂ
ਫੋਟੋ-30 ਆਰਪੀਆਰ 18
ਕੈਪਸ਼ਨ....ਧਰਮਿੰਦਰ ਸਿੰਘ ਭੰਗੂ
ਫੋਟੋ-30 ਆਰਪੀਆਰ 19
ਕੈਪਸ਼ਨ....ਰਾਜਵੀਰ ਸਿੰਘ ਚੌਤਾਂ।