ਸੁਰਿੰਦਰ ਸਿੰਘ ਸੋਨੀ, ਸ੍ਰੀ ਆਨੰਦਪੁਰ ਸਾਹਿਬ : ਆਮ ਆਦਮੀ ਪਾਰਟੀ (AAP) ਦੀ ਸਰਕਾਰ ਵੱਲੋਂ ਘਟਾਈ ਗਈ ਸੁਰੱਖਿਆ ਦੇ ਮੱਦੇਨਜ਼ਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਸਰਕਾਰੀ ਸੁਰੱਖਿਆ ਮੋੜ ਦਿੱਤੀ ਗਈ ਹੈ ਜਦੋਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸਾਹਿਬ ਦੀ ਸੁਰੱਖਿਆ ਲਈ ਹਥਿਆਰਬੰਦ ਸੇਵਾਦਾਰ ਨਿਯੁਕਤ ਕਰ ਦਿੱਤੇ ਗਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਉਨ੍ਹਾਂ ਦੇ ਚਾਰ ਗੰਨਮੈਨ ਵਾਪਸ ਲੈ ਲਏ ਗਏ ਸਨ ਤੇ ਬੀਤੇ ਦਿਨੀਂ ਘਟਾਈ ਸੁਰੱਖਿਆ ਦੇ ਮੱਦੇਨਜ਼ਰ ਦੋ ਹੋਰ ਸੁਰੱਖਿਆ ਮੁਲਾਜ਼ਮ ਵਾਪਸ ਲੈ ਲਏ ਗਏ। ਇਸ ਦੇ ਮੱਦੇਨਜ਼ਰ ਇਹ ਫ਼ੈਸਲਾ ਕੀਤਾ ਸੀ ਕਿ ਕਿ ਸਰਕਾਰੀ ਸੁਰੱਖਿਆ ਵਾਪਸ ਕਰ ਦਿਆਂਗੇ। ਇਸ ਤਹਿਤ ਸਰਕਾਰੀ ਸੁਰੱਖਿਆ ਵਾਪਸ ਕਰ ਦਿੱਤੀ ਹੈ ਜਦੋਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਥਿਆਰਬੰਦ ਨੌਜਵਾਨ ਸੁਰੱਖਿਆ ਲਈ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਭਾਵੇਂ ਸਾਨੂੰ ਹੁਣ ਵੀ ਵੱਖ-ਵੱਖ ਸਿੱਖ ਜਥੇਬੰਦੀਆਂ, ਨਿਹੰਗ ਜਥੇਬੰਦੀਆਂ ਤੇ ਹੋਰ ਸੰਗਤਾਂ ਦੇ ਵੱਲੋਂ ਸੁਰੱਖਿਆ ਲਈ ਪੇਸ਼ਕਸ਼ ਕੀਤੀ ਜਾ ਰਹੀ ਹੈ ਪਰ ਅਸੀਂ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਹਥਿਆਰਬੰਦ ਸੇਵਾਦਾਰਾਂ ਦੇ ਨਾਲ ਸੇਵਾ ਨਿਭਾਅ ਰਹੇ ਹਾਂ ਤੇ ਸਾਨੂੰ ਕਿਸੇ ਵੀ ਸਰਕਾਰੀ ਸੁਰੱਖਿਆ ਦੀ ਜ਼ਰੂਰਤ ਨਹੀਂ ਹੈ।