ਕੈਲਾਸ਼ ਨਾਥ, ਚੰਡੀਗੜ੍ਹ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 1 ਫਰਵਰੀ ਨੂੰ ਲੋਕ ਸਭਾ ’ਚ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਹਰੇਕ ਵਰਗ ਦੀ ਰਾਇ ਜਾਨਣ ’ਚ ਡਟ ਗਈ ਹੈ। ਭਾਜਪਾ ਨਾ ਸਿਰਫ਼ ਬਜਟ ’ਤੇ ਚਰਚਾ ਜ਼ਰੀਏ ਪੰਜਾਬੀਆਂ ਦਾ ਮਨ ਬੁੱਝਣ ਦੀ ਕੋਸ਼ਿਸ਼ ਕਰ ਰਹੀ ਹੈ ਬਲਕਿ ਲੋਕਾਂ ਨਾਲ ਸੰਵਾਦ ਕਰ ਕੇ ਉਨ੍ਹਾਂ ਨੂੰ ਬਜਟ ਬਾਰੇ ਜਾਣਕਾਰੀ ਵੀ ਦੇ ਰਹੀ ਹੈ। ਭਾਜਪਾ ਭਾਵੇਂ ਹੀ ਰਾਸ਼ਟਰੀ ਪੱਧਰ ’ਤੇ ਇਸ ਮੁਹਿੰਮ ਨੂੰ ਚਲਾ ਰਹੀ ਹੋਵੇ ਪਰ ਪੰਜਾਬ ਨੂੰ ਲੈ ਕੇ ਇਹ ਇਸ ਲਈ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਇਥੇ ਕਿਸਾਨ ਜਥੇਬੰਦੀਆਂ ਨੇ ਬਜਟ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਦੀ ਵੀ ਚਿਤਾਵਨੀ ਦਿੱਤੀ ਹੋਈ ਹੈ।
ਜਾਣਕਾਰੀ ਅਨੁਸਾਰ ਭਾਜਪਾ ਹਰੇਕ ਜ਼ਿਲ੍ਹੇ ’ਚ ਬਜਟ ’ਤੇ ਚਰਚਾ ਮੁਹਿੰਮ ਚਲਾ ਰਹੀ ਹੈ ਜੋ ਕਿ 12 ਫਰਵਰੀ ਤਕ ਚੱਲੇਗੀ। ਇਸ ਤੋਂ ਬਾਅਦ ਪੰਜਾਬ ਭਾਜਪਾ ਲੋਕਾਂ ਦੀ ਰਾਇ ’ਤੇ ਅਧਾਰਤ ਆਪਣੀ ਇਕ ਰਿਪੋਰਟ ਕੇਂਦਰੀ ਲੀਡਰਸ਼ਿਪ ਨੂੰ ਭੇਜੇਗੀ। ਪੰਜਾਬ ਭਾਜਪਾ ਇਸ ਨੂੰ ਲੈ ਕੇ ਇਸ ਲਈ ਵੀ ਗੰਭੀਰ ਨਜ਼ਰ ਆ ਰਹੀ ਹੈ ਕਿਉਂਕਿ ਬਜਟ ਲਈ ਪਾਰਟੀ ਨਾ ਸਿਰਫ਼ ਵੱਖ-ਵੱਖ ਵਰਗਾਂ ਨਾਲ ਸੰਵਾਦ ਕਰ ਰਹੀ ਹੈ ਬਲਕਿ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਅਭਿਆਸ ਵੀ ਕੀਤਾ ਜਾ ਰਿਹਾ ਹੈ। ਭਾਜਪਾ ਦੇ ਇਕ ਨੇਤਾ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਬਜਟ ਨੂੰ ਲੈ ਕੇ ਵਿਰੋਧੀ ਪਾਰਟੀਆਂ ਇਕ ਭਰਮ ਪੈਦਾ ਕਰਦੀਆਂ ਹਨ। ਆਮ ਆਦਮੀ ਦੇ ਉਸ ਭਰਮ ਦੇ ਜਾਲ ਵਿਚ ਫਸਣ ਦੀ ਸੰਭਾਵਨਾ ਵੱਧ ਹੁੰਦੀ ਹੈ ਕਿਉਂਕਿ ਬਜਟ ਦੇ ਹਰੇਕ ਪਹਿਲੂ ਨੂੰ ਪੜ੍ਹ ਕੇ ਉਸ ਦਾ ਵਿਸ਼ਲੇਸ਼ਣ ਕਰਨਾ ਸਭ ਲਈ ਸੰਭਵ ਨਹੀਂ। ਅਜਿਹੇ ’ਚ ਜਦੋਂ ਲੋਕਾਂ ਨੂੰ ਬਜਟ ਬਾਰੇ ਪੂਰਨ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਸ ਦੇ ਮਨ ਦੇ ਭਰਮ ਦੂਰ ਹੁੰਦੇ ਹਨ। ਭਾਜਪਾ ਦੇ ਬੁਲਾਰੇ ਅਨਿਲ ਸਰੀਨ ਦਾ ਕਹਿਣਾ ਹੈ ਕਿ ਪਾਰਟੀ 12 ਫਰਵਰੀ ਤਕ ਹਰੇਕ ਜ਼ਿਲ੍ਹੇ ਵਿਚ ਹਰੇਕ ਵਰਗ ਨਾਲ ਬਜਟ ’ਤੇ ਚਰਚਾ ਕਰੇਗੀ। ਉਸ ਤੋਂ ਬਾਅਦ ਇਸ ਦੀ ਇਕ ਰਿਪੋਰਟ ਹਾਈ ਕਮਾਨ ਨੂੰ ਭੇਜੀ ਜਾਵੇਗੀ।
ਪਾਰਟੀ ਦੇ ਇਕ ਸੀਨੀਅਰ ਨੇਤਾ ਦੱਸਦੇ ਹਨ ਕਿ ਆਮ ਤੌਰ ’ਤੇ ਕੇਂਦਰ ਸਰਕਾਰ ਦੇ ਇਕ ਸਾਲ ਪੂਰਾ ਹੋਣ ’ਤੇ ਪਾਰਟੀ ਲੋਕਾਂ ਨਾਲ ਸੰਵਾਦ ਕਰ ਕੇ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੀ ਜਾਣਕਾਰੀ ਉਨ੍ਹਾਂ ਸਾਹਮਣੇ ਰੱਖਦੀ ਹੈ। ਇਸ ਵਾਰ ਬਜਟ ਨੂੰ ਲੈ ਕੇ ਵੀ ਚਰਚਾ ਕੀਤੀ ਜਾ ਰਹੀ ਹੈ। ਕਿਉਂਕਿ ਆਮ ਤੌਰ ’ਤੇ ਇਹ ਧਾਰਨਾ ਰਹਿੰਦੀ ਹੈ ਕਿ ਅੰਤਿਮ ਸਾਲ ’ਚ ਸਰਕਾਰਾਂ ਮੁਫ਼ਤ ਦੀਆਂ ਰਿਓੜੀਆਂ ਵੰਡਣਗੀਆਂ ਪਰ ਕੇਂਦਰੀ ਬਜਟ ’ਚ ਅਜਿਹਾ ਕੁਝ ਨਹੀਂ ਹੈ।
ਉਥੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਪੰਜਾਬ ਦੇ ਹਰੇਕ ਵਰਗ ਨਾਲ ਸੰਵਾਦ ਕਰ ਕੇ ਆਪਣੇ ਲਈ ਸਿਆਸੀ ਰਸਤਾ ਵੀ ਸੌਖਾਲਾ ਕਰਨਾ ਚਾਹੁੰਦੀ ਹੈ। ਕਿਉਂਕਿ ਇਸ ਵਾਰ ਭਾਜਪਾ ਨੇ ਲੋਕ ਸਭਾ ਦੀਆਂ ਚੋਣਾਂ ਵੀ ਇਕੱਲੇ ਦਮ ’ਤੇ ਲੜਨ ਦਾ ਮਨ ਬਣਾਇਆ ਹੋਇਆ ਹੈ। ਅਜਿਹੇ ’ਚ ਭਾਜਪਾ ਆਪਣੇ ਵਰਕਰਾਂ ਨੂੰ ਪੂਰਨ ਰੂਪ ਵਿਚ ਐਕਟਿਵ ਵੀ ਰੱਖਣਾ ਚਾਹੁੰਦੀ ਹੈ।