ਹਰਮੇਸ਼ ਸਰੋਆ, ਫਗਵਾੜਾ : ਫਗਵਾੜਾ ਦੇ ਪਲਾਹੀ ਰੋਡ 'ਤੇ ਸਥਿਤ ਮੁਹੱਲਾ ਪ੍ਰੀਤਮ ਨਗਰ 'ਚ ਲੁਟੇਰੇ ਇਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਜਿਸ ਦੀ ਸੂਚਨਾ ਦੁਕਾਨ ਮਾਲਕ ਵਲੋਂ ਪੁਲਿਸ ਨੂੰ ਦਿਤੀ ਗਈ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ। ਲੁੱਟ ਦੀ ਵਾਰਦਾਤ ਸਬੰਧੀ ਜਾਣਕਾਰੀ ਦਿੰਦਿਆ ਦੁਕਾਨ ਮਾਲਕ ਅਮਨਦੀਪ ਨੇ ਦਸਿਆ ਕਿ ਉਸ ਦੀ ਪ੍ਰੀਤ ਕਾਰਿਆਨਾ ਸਟੋਰ ਦੇ ਨਾਮ 'ਤੇ ਪ੍ਰੀਤਮ ਨਗਰ ਵਿਚ ਦੁਕਾਨ ਹੈ ਤੇ ਉਹ ਦੁਕਾਨ ਬੰਦ ਕਰਨ ਲਈ ਸਮਾਨ ਸੰਭਾਲ ਰਿਹਾ ਸੀ ਤਾਂ 3 ਨੌਜਵਾਨ ਜਿਹਨਾਂ ਨੇ ਮੂੰਹ ਬੰਨੇ ਹੋਏ ਸਨ ਅਤੇ ਉਨਾਂ ਤਿੰਨਾਂ ਕੋਲ ਹੀ ਪਿਸਤੌਲ ਸਨ, ਉਸ ਦੀ ਦੁਕਾਨ 'ਤੇ ਆਏ ਅਤੇ ਇਕ ਨੌਜਵਾਨ ਨੇ ਉਸ ਦੇ ਮੱਥੇ 'ਤੇ ਪਿਸਤੌਲ ਰੱਖ ਦਿੱਤਾ ਅਤੇ ਉਸ ਨੂੰ ਪਿੱਛੇ ਲਿਜਾ ਕੇ ਪੈਰਾਂ ਭਾਰ ਬਿਠਾ ਦਿੱਤਾ। 2 ਨੌਜਵਾਨਾਂ ਨੇ ਉਸ ਦੇ ਪੈਰਾਂ ਵਿਚ ਫਾਇਰ ਕੀਤੇ ਤੇ ਕਿਹਾ ਕਿ ਪੈਸੇ ਦੱਸ ਕਿਥੇ ਰੱਖੇ ਹਨ ਨਹੀਂ ਤਾਂ ਤੇਰੇ ਗੋਲੀ ਮਾਰ ਦਿਆਂਗੇ। ਉਹ ਬਹੁਤ ਡਰ ਗਿਆ ਅਤੇ ਉਸ ਨੇ ਦਸਿਆ ਕਿ ਪੈਸੇ ਬੈਗ ਵਿਚ ਪਏ ਹਨ। ਜਿਸ ਤੋਂ ਬਾਅਦ ਉਹ ਨੌਜਵਾਨ ਪੈਸਿਆਂ ਵਾਲਾ ਬੈਗ ਜਿਸ ਵਿਚ ਕਰੀਬ 15 ਤੋਂ 20 ਹਜਾਰ ਰੁਪਏ, 3 ਏਟੀਐਮ ਇਕ ਚੈਕ ਬੁੱਕ ਅਤੇ ਹੋਰ ਜਰੂਰੀ ਸਮਾਨ ਸੀ ਜੋ ਕਿ ਉਹ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐਸਐਚਓ ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁਜੀ। ਇਸ ਸਬੰਧੀ ਗੱਲਬਾਤ ਕਰਦਿਆਂ ਸਬ ਇੰਸਪੈਕਟਰ ਗੁਰਮੀਤ ਸਿੰਘ ਨੇ ਦਸਿਆ ਕਿ ਉਨਾਂ ਨੂੰ ਰਾਤ ਕਰੀਬ 10 ਕੁ ਵਜੇ ਸੂਚਨਾ ਮਿਲੀ ਸੀ ਕਿ ਪ੍ਰੀਤਮ ਨਗਰ 'ਚ ਇਕ ਕਰਿਆਨੇ ਦੀ ਦੁਕਾਨ 'ਤੇ ਲੁੱਟ ਹੋਈ ਹੈ ਅਤੇ ਉਨਾਂ ਵਲੋਂ ਮੌਕੇ 'ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਣਕਾਰੀ ਲਈ ਅਤੇ ਕਿਹਾ ਕਿ ਪੀੜਤ ਦੇ ਬਿਆਨਾਂ ਦੇ ਅਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।