ਪੱਤਰ ਪੇ੍ਰਰਕ, ਸਮਾਣਾ : ਪੁਲਿਸ ਤੇ ਐਕਸਾਈਜ ਵਿਭਾਗ ਦੀ ਨਾਜਾਇਜ਼ ਸ਼ਰਾਬ ਖ਼ਿਲਾਫ਼ ਮੁਹਿੰਮ ਜਾਰੀ ਹੈ। ਜਿਸ ਤਹਿਤ 100 ਲੀਟਰ ਲਾਹਣ ਤੇ 100 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਗਾਜੇਵਾਸ ਪੁਲਿਸ ਮੁਖੀ ਸਬ-ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ 'ਚ ਵੱਖ-ਵੱਖ ਪੁਲਿਸ ਪਾਰਟੀਆਂ ਵਲੋਂ ਪਿੰਡ ਅਚਰਾਲ ਖੁਰਦ 'ਚ ਦੂਜੇ ਦਿਨ ਕੀਤੀ ਗਈ ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਦੀਆਂ 100 ਬੋਤਲਾਂ ਤੇ ਸ਼ਰਾਬ ਬਣਾਉਣ ਲਈ ਰੱਖੀ 100 ਲੀਟਰ ਲਾਹਣ ਬਰਾਮਦ ਕਰਕੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਜਦੋਂ ਕਿ ਸਾਰੇ ਮੁਲਜ਼ਮ ਫਰਾਰ ਹੋਣ 'ਚ ਸਫਲ ਰਹੇ। ਜਿਨ੍ਹਾਂ ਦੀ ਪਛਾਣ ਪਿੰਡ ਅਚਰਾਲ ਖੁਰਦ ਨਿਵਾਸੀ ਮਾਨ ਸਿੰਘ, ਜਸਵੀਰ ਸਿੰਘ ਅਤੇ ਕਰਨੈਲ ਸਿੰਘ ਵਜੋਂ ਹੋਈ ਹੈ। ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਸਦਰ ਪੁਲਿਸ ਮੁਖੀ ਸਬ-ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਗਾਜੇਵਾਸ ਪੁਲਿਸ ਚੌਕੀ ਦੇ ਏਐੱਸਆਈ ਗੁਰਦੇਵ ਸਿੰਘ ਨੇ ਪੁਲਿਸ ਪਾਰਟੀ ਸਣੇ ਗਸ਼ਤ ਦੌਰਾਨ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਸਬੰਧੀ ਸੂਚਨਾ ਮਿਲਣ 'ਤੇ ਮਾਨ ਸਿੰਘ ਦੇ ਘਰ ਛਾਪੇਮਾਰੀ ਕਰਕੇ 62 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਏਐਸਆਈ ਜਸਵੰਤ ਸਿੰਘ ਵਿਰਕ ਨੇ ਪੁਲਿਸ ਪਾਰਟੀ ਦੇੇ ਨਾਲ ਗਸ਼ਤ ਦੌਰਾਨ ਨਾਜਾਇਜ਼ ਸ਼ਰਾਬ ਤਿਆਰ ਕਰਕੇ ਵੇਚਣ ਸਬੰਧੀ ਪ੍ਰਰਾਪਤ ਸੂਚਨਾ ਦੇ ਅਧਾਰ 'ਤੇ ਜਸਵੀਰ ਸਿੰਘ ਦੇ ਘਰ ਛਾਪੇਮਾਰੀ ਕਰਕੇ ਨਾਜਾਇਜ਼ ਸ਼ਰਾਬ ਦੀਆਂ 38 ਬੋਤਲਾਂ ਬਰਾਮਦ ਕੀਤੀਆਂ। ਇਸੇ ਲੜੀ ਤਹਿਤ ਏ.ਐਸ.ਆਈ. ਅੰਮਿ੍ਤਪਾਲ ਸਿੰਘ ਵਲੋਂ ਪੁਲਿਸ ਪਾਰਟੀ ਸਣੇ ਗਸ਼ਤ ਦੌਰਾਨ ਕਰਨੈਲ ਸਿੰਘ ਵਲੋਂ ਆਪਣੇ ਘਰ 'ਚ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਸੰਬਧੀ ਮਿਲੀ ਸੂਚਨਾ 'ਤੇ ਛਾਪੇਮਾਰੀ ਕਰਕੇ ਨਾਜਾਇਜ਼ ਦੇਸੀ ਸ਼ਰਾਬ ਬਣਾਉਣ ਲਈ ਛੁਪਾ ਕੇ ਰੱਖੀ ਗਈ 100 ਲੀਟਰ ਲਾਹਣ ਬਰਾਮਦ ਕੀਤੀ।