ਪੱਤਰ ਪੇ੍ਰਰਕ, ਪਟਿਆਲਾ : ਚੌਥਾ ਦਰਜਾ ਕਰਮਚਾਰੀਆਂ ਵਲੋਂ ਮਾਤਾ ਕੁਸ਼ੱਲਿਆ ਹਸਪਤਾਲ 'ਚ ਕੰਟਰੈਕਟ/ਆਊਟ ਸੋਰਸ ਕਰਮੀਆਂ ਨੂੰ ਤਨਖਾਹਾਂ ਨਾ ਮਿਲਣ 'ਤੇ ਕੀਤੀ ਕੰਮ ਛੋੜ ਹੜਤਾਲ ਵਿਧਾਇਕ ਡਾ. ਬਲਬੀਰ ਸਿੰਘ ਅਤੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਦੇ ਦਖਲ ਤੋਂ ਬਾਅਦ ਕੱਚੇ ਮੁਲਾਜਮਾਂ ਨੇ ਰੈਲੀ ਕਰਕੇ ਸਮਾਪਤ ਕਰ ਦਿੱਤੀ ਹੈ। ਇਸ ਦੌਰਾਨ ਮੁਲਾਜਮਾਂ ਵਲੋਂ ਇਨਾਂ੍ਹ ਵਿਧਾਇਕਾਂ ਦੀਆਂ ਨਿੱਜੀ ਰਿਹਾਇਸ਼ੀਆਂ ਅੱਗੇ ਕੱਢੀ ਜਾਣ ਵਾਲੀ 'ਜਾਗੋ ਰੈਲੀ' ਵੀ ਮੁਲਤਵੀ ਕਰ ਦਿੱਤੀ ਹੈ। ਮੁਲਾਜ਼ਮਾਂ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਤਿੰਨ ਮਹੀਨਿਆਂ ਦੀਆਂ ਤਨਖਾਹਾਂ ਸਮੇਤ ਬਾਕੀ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਤੋਂ ਚੱਲ ਰਹੀ ਕੰਮ ਛੋੜ ਹੜਤਾਲ ਖਤਮ ਕਰਨ ਤੋਂ ਪਹਿਲਾਂ ਦੋਵੇ ਵਿਧਾਇਕਾਂ ਨਾਲ ਗੱਲਬਾਤ ਹੋਈ, ਉਪਰੰਤ ਮੈਡੀਕਲ ਸੁਪਰਡੈਂਟ ਡਾ. ਸੰਦੀਪ ਕੌਰ ਨਾਲ ਮੰਗਾਂ ਸਬੰਧੀ ਇੱਕ ਲੰਮੀ ਮੀਟਿੰਗ ਹੋਈ। ਜਿਸ 'ਚ ਬਲਜਿੰਦਰ ਸਿੰਘ, ਜਗਮੋਹਨ ਨੌਲੱਖਾ, ਰਾਮ ਕਿਸ਼ਨ, ਗੁਰਦਰਸ਼ਨ ਸਿੰਘ, ਮਾਧੋ ਲਾਲ, ਸੁਖਦੇਵ ਸਿੰਘ ਝੰਡੀ, ਰਾਮ ਲਾਲ ਰਾਮਾ, ਗੁਰਮੀਤ ਕੌਰ, ਨਿਰਮਲਾ ਤੇ ਮਿਨੂ ਆਦਿ ਆਗੂ ਸ਼ਾਮਲ ਸਨ।
ਲੁਬਾਣਾ ਨੇ ਦੱਸਿਆ ਕਿ ਦੋਵੇ ਵਿਧਾਇਕਾਂ ਵਲੋਂ ਲਗਾਤਾਰ ਯਤਨ ਕਰਕੇ ਗੱਲਬਾਤ ਸ਼ੁਰੂ ਕਰਵਾਈ। ਜਿਸ 'ਚ ਕੰਟਰੈਕਟ ਕਰਮੀਆਂ ਦੀਆਂ ਸੀਨੀਆਰਤਾ ਸੂਚੀਆਂ ਬਣਾਉਣ, ਵਰਦੀਆਂ ਦੇਣ, ਬੋਨਸ ਦੇਣ, ਪਛਾਣ ਕਾਰਡ ਦੇਣ, ਈ.ਪੀ.ਐਫ. ਅਤੇ ਈ.ਐਸ.ਆਈ. ਦੇ ਕਾਰਡ ਦੇਣ ਘੱਟੋ-ਘੱਟ ਉਜਰਤਾ ਦਾ ਬਕਾਇਆ 2020 ਵਾਲਾ ਦੇਣ ਕੰਮ ਦੇ ਘੰਟੇ ਨਿਸ਼ਚਿਤ ਕਰਨ ਕੰਮ ਦੀ ਰੋਟੇਸ਼ਨ ਤਿੰਨ ਤਿੰਨ ਮਹੀਨਿਆਂ ਲਈ ਬਣਾਉਣ, ਤੰਗ ਨਾ ਕਰਨ, ਤਨਖਾਹਾਂ ਇੱਕ ਹਫਤੇ ਦੇ ਅੰਦਰ ਅੰਦਰ ਦੇਣ ਅਤੇ ਪੱਕਾ ਕਰਨ ਲਈ ਸਰਕਾਰ ਵਲੋਂ ਮੰਗੀ ਜਾਣਕਾਰੀ ਸੂਚੀ ਭੇਜਣ ਵਰਗੇ ਮੁੱਦਿਆਂ 'ਤੇ ਲਿਖਤੀ ਫੈਸਲਾ ਹੋਇਆ। ਇਸ ਉਪਰੰਤ ਇੱਕ ਜੇਤੂ ਰੈਲੀ ਕਰਕੇ ਕੰਮ ਛੋੜ ਹੜਤਾਲ ਸਮਾਪਤ ਕੀਤੀ ਗਈ। ਇਸ ਮੌਕੇ ਅਨਿਲ ਕੁਮਾਰ, ਅਜੇ ਕੁਮਾਰ ਸਿੱਪਾ, ਸ਼ਾਮ ਸਿੰਘ, ਕਾਕਾ ਸਿੰਘ, ਨਿਰਮਲ ਸਿੰਘ, ਹਰਦੇਵ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਗੁਰਵਿੰਦਰ ਸਿੰਘ, ਹਰਨੇਕ ਸਿੰਘ ਤੇ ਧਰਮਿੰਦਰ ਆਦਿ ਹਾਜ਼ਰ ਸਨ।