ਨਾਭਾ, ਜਗਨਾਰ ਸਿੰਘ ਦੁਲੱਦੀ : ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਦੇ ਸੰਘਰਸ਼ ਵਿਚ ਦਿਨ ਰਾਤ ਮਿਹਨਤ ਕਰ ਰਹੇ ਸਮਾਜ ਸੇਵੀ ਅਤੇ ਨਾਭਾ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਠਾਉਣ ਵਾਲੇ ਬਰਿੰਦਰ ਕੁਮਾਰ ਬਿੱਟੂ ਨੂੰ ਸੰਯੁਕਤ ਸੰਘਰਸ਼ ਪਾਰਟੀ ਤੇ ਸੰਯੁਕਤ ਸਮਾਜ ਮੋਰਚਾ ਵੱਲੋ ਸਾਂਝੇ ਤੌਰ ' ਤੇ ਵਿਧਾਨ ਸਭਾ ਰਿਜ਼ਰਵ ਹਲਕਾ ਨਾਭਾ ਵਿਚ ਸਾਂਝਾ ਉਮੀਦਵਾਰ ਐਲਾਨਿਆ ਗਿਆ ਹੈ, ਉਮੀਦਵਾਰ ਦਾ ਐਲਾਨ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮੀਦਵਾਰ ਬਰਿੰਦਰ ਬਿੱਟੂ ਨੇ ਪਾਰਟੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਕੌਮੀ ਪ੍ਰਧਾਨ ਬੀਕੇਯੂ ਤੇ ਰਛਪਾਲ ਸਿੰਘ ਜੌੜੇ ਮਾਜਰਾ ਸੂਬਾ ਪ੍ਰਧਾਨ, ਬਲਵੀਰ ਸਿੰਘ ਰਾਜੇਵਾਲ ਪ੍ਰਧਾਨ ਰਾਜੇਵਾਲ ਯੂਨੀਅਨ ਧੰਨਵਾਦ ਕਰਦੀਆਂ ਇਹੋ ਭਰੋਸਾ ਦਿੱਤਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਹ ਇਸ 'ਤੇ ਦਿਨ-ਰਾਤ ਮਿਹਨਤ ਕਰਨਗੇ ਤੇ ਨਾਭਾ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਉਣਗੇ। ਜ਼ਿਕਰਯੋਗ ਹੈ ਕਿ ਬਰਿੰਦਰ ਕੁਮਾਰ ਬਿੱਟੂ ਦੀ ਤਰਫੋਂ ਨਾਭਾ ਦੇ ਨਾਲ ਲੱਗਦੇ 100 ਦੇ ਕਰੀਬ ਪਿੰਡਾਂ ਵਿਚ ਸਮਾਜ ਸੇਵੀ ਕਲੱਬ ਚਲਾਏ ਜਾ ਰਹੇ ਹਨ ਜਿਸ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਜੁੜ ਕੇ ਸਮਾਜ ਸੇਵਾ ਕਰ ਰਹੇ ਹਨ ਤੇ ਉਨ੍ਹਾਂ ਵੱਲੋ ਨਾਭਾ ਵਿਚ ਮੋਹਰੀ ਹੋ ਕੇ ਸਮਾਜ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ। ਬਿੱਟੂ ਨੇ ਨਾਭਾ ਹਲਕੇ ਦੇ ਲੋਕਾਂ ਤੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਅੱਜ ਜੇਕਰ ਕੋਈ ਪੰਜਾਬ ਨੂੰ ਬਚਾ ਸਕਦਾ ਹੈ ਤਾਂ ਪੰਜਾਬ ਦਾ ਅੰਨਦਾਤਾ ਕੇਵਲ ਕਿਸਾਨ ਹੀ ਹੈ। ਬਿੱਟੂ ਨੇ ਨਾਭਾ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਵੀ ਕੀਤੀ। ਦੱਸਣਯੋਗ ਹੈ ਕਿ ਨਾਭਾ ਹਲਕੇ ਵਿਚ ਜੋ ਸੰਯੁਕਤ ਸੰਘਰਸ਼ ਪਾਰਟੀ ਅਤੇ ਸੰਯੁਕਤ ਸਮਾਜ ਮੋਰਚੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ ਇਸ ਨਾਲ ਸਿਆਸੀ ਸਮੀਕਰਨ ਬਦਲਣ ਦੀ ਭਾਰੀ ਉਮੀਦ ਜਤਾਈ ਜਾ ਰਹੀ ਹੈ।