ਪੱਤਰ ਪੇ੍ਰਰਕ, ਪਟਿਆਲਾ : ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਦੇ ਪੈਨਸ਼ਨਰਜ ਵੱਲੋਂ ਵੱਡੀ ਗਿਣਤੀ 'ਚ ਕਾਲੇ ਚੋਲੇ ਪਾ ਕੇ ਆਪਣੀਆਂ ਮੰਗਾਂ ਸਬੰਧੀ ਪਾਵਰਕਾਮ ਮੈਨੇਜਮੈਂਟ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਯੂਨੀਅਨ ਦੇ ਪ੍ਰਧਾਨ ਰਾਧੇ ਸ਼ਿਆਮ ਨੇ ਦੱਸਿਆ ਕਿ ਪਾਵਰਕਾਮ ਮੈਨੇਜਮੈਂਟ ਵਲੋਂ ਪੈਨਸ਼ਨਰਜ਼ ਦੀਆਂ ਮੁੱਖ ਮੰਗਾਂ ਜਿਵੇਂ ਕਿ ਪੰਜਾਬ ਡਿਵੈਲਪਮੈਂਟ ਫੰਡ ਦੇ ਨਾਮ 'ਤੇ 200 ਰੁਪਏ ਮਹੀਨਾ ਪੈਨਸ਼ਨਰਜ ਦੀ ਜਬਰੀ ਕਟੌਤੀ ਬੰਦ ਕਰਨਾ, ਪੈਨਸ਼ਨਰਾਂ ਨੂੰ ਐਕਸ ਗੇ੍ਸ਼ੀਆ 5 ਲੱਖ ਰੁਪਏ ਪੰਜਾਬ ਸਰਕਾਰ ਵਲੋਂ ਜਾਰੀ ਸਰਕੂਲਰ ਨੂੰ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਅਪਨਾਅ ਕੇ ਵੀ ਲਾਗੂ ਨਾ ਕਰਨਾ, 23 ਸਾਲਾ ਪ੍ਰਮੋਸ਼ਨ ਸਕੇਲ ਪੈਨਸ਼ਨਰਜ਼ 'ਤੇ ਬਿਨਾਂ ਸ਼ਰਤ ਲਾਗੂ ਨਾ ਕਰਨਾ, ਪੇ-ਬੈਂਡ ਮਿਤੀ 01/12/2011 ਤੋਂ ਲਾਗੂ ਕਰਨਾ, ਮਿਤੀ 01/01/2016 ਤੋਂ ਪਹਿਲਾਂ ਰਿਟਾਇਰੀਆ ਉਤੇ 2.59 ਦਾ ਗੁਣਾਂਕ ਲਾਗੂ ਕਰਨ, ਮਿਤੀ 01/01/2016 ਤੋਂ ਬਾਅਦ ਰਿਟਾਇਰੀਆ ਦੀ ਪੈਨਸ਼ਨ ਰਵਾਈਜ਼ ਕਰਨ ਦੇ ਆਰਪੀਓ ਜਾਰੀ ਨਾ ਕਰਨ, ਮੈਡੀਕਲ ਰੀਬਰਸਮੈਂਟ ਦੀ ਸਰਲ ਵਿਧੀ ਲਾਗੂ ਨਾ ਕਰਨ, ਮੈਡੀਕਲ ਕੈਸ਼ਲੈਸ ਸਕੀਮ ਲਾਗੂ ਨਾ ਕਰਨ ਆਦਿ ਮੰਗਾਂ ਸਬੰਧੀ ਪਾਵਰਕਾਮ ਮੈਨੇਜਮੈਂਟ ਦੇ ਨਾਹ ਪੱਖੀਂ ਅਤੇ ਅੜੀਅਲ ਰਵੱਈਏ ਕਾਰਨ ਮਜਬੂਰਨ ਪਾਵਰਕਾਮ ਪੈਨਸ਼ਨਰ ਯੂਨੀਅਨ ਵਲੋ ਕਾਲੇ ਚੋਲੇ ਪਾ ਕੇ ਮੈਨਜਮੈਂਟ ਵਤੀਰੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਸ ਦੌਰਾਨ ਮਿਤੀ 06-12-2022 ਤੋਂ 25-12-2022 ਤੱਕ ਐਕਸੀਅਨ ਨੂੰ ਮਿਲ ਕੇ 200 ਰੁਪਏ ਡਿਵੈਲਪਮੈਂਟ ਫੰਡ ਬੰਦ ਕਰਵਾਉਣਾ, 1-01-2023 ਤੋਂ 15-01-2023 ਤੱਕ ਡਵੀਜਨ ਦਫਤਰ ਅੱਗੇ ਰੈਲੀਆਂ/ਧਰਨੇ, 10-12-2022 ਤੋਂ 15-01-2023 ਤੱਕ ਵਿੱਤ ਮੰਤਰੀ ਅਤੇ ਬਿਜਲੀ ਮੰਤਰੀ ਨੂੰ ਮੰਗਾਂ ਸਬੰਧੀ ਮਿਲਣਾ, 16-01-2023 ਤੋਂ 16-02-2023 ਤੱਕ ਸਰਕਲ ਕਨਵੈਨਸ਼ਨਜ਼ ਅਤੇ ਮਾਰਚ ਦੇ ਪਹਿਲੇ ਹਫਤੇ ਮੁੱਖ ਦਫਤਰ ਪਟਿਆਲਾ ਦੇ ਸਾਹਮਣੇ ਵੱਡਾ ਮੁਜਾਹਰਾ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਅਮਰੀਕ ਸਿੰਘ, ਚਮਕੌਰ ਸਿੰਘ, ਤਾਰਾ ਸਿੰਘ ਖਹਿਰਾ, ਕੇਵਲ ਸਿੰਘ,ਰਾਮ ਕੁਮਾਰ, ਐਸ.ਪੀ ਸਿੰਘ, ਜਗਦੇਵ ਵਾਹੀਆਂ, ਸੁਖਜੰਟ ਸਿੰਘ, ਗੱਜਨ ਸਿੰਘ, ਪਾਲ ਸਿੰਘ ਮੁੰਡੀ, ਜਗਦੀਸ਼ ਸਿੰਘ ਰਾਣਾ, ਇੰਜੀ: ਸੰਤੋਖ ਸਿੰਘ ਬੋਪਾਰਾਏ ਤੇ ਰਜਿੰਦਰ ਸਿੰਘ ਆਦਿ ਹਾਜ਼ਰ ਸਨ।