ਪੱਤਰ ਪੇ੍ਰਰਕ, ਸਮਾਣਾ : ਕੱਚੇ ਮਕਾਨਾਂ ਦੀਆਂ ਛੱਤਾਂ ਨੂੰ ਪੱਕਾ ਕਰਨ ਲਈ ਕੇਂਦਰ ਸਰਕਾਰ ਵੱਲੋਂ ਚਲਾਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਕਈ ਸਾਲ ਪਹਿਲਾਂ ਮਨਜ਼ੂਰ ਹੋਈ ਰਾਸ਼ੀ ਦੀਆਂ ਕਿਸ਼ਤਾਂ ਨਾ ਮਿਲਣ ਕਰ ਕੇ ਲੋੜਵੰਦ ਪਰਿਵਾਰ ਤਿੰਨ ਬੱਚਿਆਂ ਸਮੇਤ ਤਪਦੀ ਧੁੱਪ ਤੇ ਮੀਂਹ ਹਨ੍ਹੇਰੀ 'ਚ ਤਰਪਾਲ ਹੇਠਾਂ ਦਿਨ ਕਟੀ ਕਰ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਬੰਧਤ ਅਧਿਕਾਰੀਆਂ ਵੱਲੋਂ ਟਾਲ-ਮਟੋਲ ਕਰ ਕੇ ਦਫਤਰ ਦੇ ਚੱਕਰ ਲਗਵਾਉਣ ਤਕ ਹੀ ਸੀਮਤ ਹਨ। ਗੜ੍ਹੀ ਮੁਹੱਲਾ ਦੇ ਇੰਦਰ ਕੁਮਾਰ ਨੇ ਦੱਸਿਆ ਕਿ ਉਹ ਰੇਹੜੀ ਚਲਾ ਕੇ ਮਜ਼ਦੂਰੀ ਕਰ ਰਿਹਾ ਹੈ। ਉਸ ਨੂੰ ਕਈ ਸਾਲ ਪਹਿਲਾਂ ਆਪਣੀ ਪਤਨੀ ਗੰਗਾ ਰਾਨੀ ਦੇ ਨਾਮ ਕੱਚੇ ਘਰ ਦੀ ਛੱਤ ਬਦਲਣ ਲਈ ਡੇਢ ਲੱਖ ਰੁਪਏ ਦੀ ਰਾਸ਼ੀ ਨਗਰ ਕੌਂਸਲ ਵੱਲੋਂ ਮਨਜ਼ੂਰ ਕੀਤੀ ਗਈ ਸੀ, ਜਿਸ 'ਚੋਂ ਉਸ ਨੂੰ ਪੰਜਾਹ ਹਜ਼ਾਰ ਦੀ ਪਹਿਲੀ ਕਿਸ਼ਤ ਵੋਟਾਂ ਤੋਂ ਪਹਿਲਾਂ ਮਿਲ ਗਈ ਸੀ, ਜਿਸ ਨਾਲ ਉਸ ਨੇ ਮਕਾਨ ਦੀਆਂ ਕੰਧਾਂ ਲੈਂਟਰ ਤਕ ਖੜ੍ਹੀਆਂ ਕਰ ਕੇ ਜਦੋਂ ਦੂਜੀ ਕਿਸ਼ਤ ਦੀ ਮੰਗ ਕੀਤੀ ਤਾਂ ਮੁਲਾਜ਼ਮਾਂ ਨੇ ਲੈਂਟਰ ਪਾਉਣ ਤੋਂ ਬਾਅਦ ਦੂਜੀ ਕਿਸ਼ਤ ਜਾਰੀ ਕਰਨ ਲਈ ਕਿਹਾ। ਇਸ ਦੌਰਾਨ ਉਸ ਦੀ ਘਰਵਾਲੀ ਗੰਗਾ ਰਾਣੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਿਮਾਰੀ ਤੇ ਲੱਗੇ ਪੈਸਿਆਂ ਕਾਰਨ ਆਰਥਿਕ ਪੱਖੋਂ ਉਹ ਕਾਫ਼ੀ ਕਮਜ਼ੋਰ ਹੋ ਗਿਆ ਹੈ। ਜਿਸ ਕਰ ਕੇ ਹੁਣ ਉਹ ਆਪਣੀਆਂ ਦੋ ਲੜਕੀਆਂ ਤੇ ਇਕ ਲੜਕੇ ਨਾਲ ਤਰਪਾਲ ਹੇਠਾਂ ਤਪਦੀ ਧੁੱਪ ਤੇ ਮੀਂਹ ਹਨ੍ਹੇਰੀ ਵਿੱਚ ਰਹਿਣ ਲਈ ਮਜਬੂਰ ਹੈ। ਇਸ ਸਬੰਧੀ ਜਦੋਂ ਸਬੰਧਤ ਮੁਲਾਜ਼ਮ ਨਾਲ ਗੱਲ ਕੀਤੀ ਤਾਂ ਉਨਾਂ੍ਹ ਕਿਹਾ ਕਿ ਗੰਗਾ ਰਾਣੀ ਦੀ ਮੌਤ ਹੋਣ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਲਈ ਦੁਆਰਾ ਕੇਸ ਲੱਗੇਗਾ।