ਨਾਭਾ, ਜਗਨਾਰ ਸਿੰਘ ਦੁਲੱਦੀ : ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਵੱਲੋਂ 26 ਜਨਵਰੀ ਗਣਤੰਤਰ ਦਿਵਸ ਮੌਕੇ ਸਮੁੱਚੇ ਦੇਸ਼ ਦੇ ਕੁਝ ਅਧਿਕਾਰੀਆਂ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਬਦਲੇ ਰਾਸ਼ਟਰਪਤੀ ਮੈਡਲ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਵਿਚ ਨਾਭਾ ਓਪਨ ਜੇਲ੍ਹ ਦੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦਾ ਨਾਮ ਵੀ ਸ਼ਾਮਲ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਇਹ ਰਾਸ਼ਟਰਪਤੀ ਮੈਡਲ ਉਸ ਨੂੰ ਉਨ੍ਹਾਂ ਦੀਆਂ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਇਮਾਨਦਾਰੀ ਤੇ ਲਗਨ ਨਾਲ ਕੀਤੀਆਂ ਹੋਈਆਂ ਸੇਵਾਵਾਂ ਦੇ ਬਦਲੇ ਮਿਲ ਰਿਹਾ ਹੈ ਜਿਸ ਨੂੰ ਲੈ ਕੇ ਉਹ ਤੇ ਉਨ੍ਹਾਂ ਦਾ ਪਰਿਵਾਰ ਬਹੁਤ ਖ਼ੁਸ਼ ਤੇ ਸੰਤੁਸ਼ਟ ਹੈ। ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਅੱਜ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਨਤਮਸਤਕ ਹੋ ਕੇ ਜਿੱਥੇ ਰਾਸ਼ਟਰਪਤੀ ਮੈਡਲ ਮਿਲਣ ਤੇ ਗੁਰੂ ਮਹਾਰਾਜ ਦਾ ਧੰਨਵਾਦ ਕੀਤਾ ਉਥੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਕਿਹਾ ਕਿ ਉਹ 1997 ਵਿੱਚ ਬਤੌਰ ਸਹਾਇਕ ਸੁਪਰਡੈਂਟ ਜੇਲ੍ਹ ਵਿਭਾਗ ਵਿਚ ਭਰਤੀ ਹੋਏ ਸਨ, ਉਪਰੰਤ ਉਨ੍ਹਾਂ ਨੇ ਜੇਲ੍ਹਾਂ ਚ ਸੁਧਾਰ ਲਈ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਮਿਹਨਤ, ਲਗਨ ਤੇ ਈਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ ਜਿਸ ਕਰਕੇ ਅੱਜ ਉਨ੍ਹਾਂ ਨੂੰ ਇਹ ਰਾਸ਼ਟਰਪਤੀ ਮੈਡਲ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਅਗਾਂਹ ਤੋਂ ਵੀ ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਜੇਲ੍ਹ ਵਿਭਾਗ ਵਿਚ ਤਨਦੇਹੀ, ਇਮਾਨਦਾਰੀ ਤੇ ਲਗਨ ਨਾਲ ਨਿਭਾਉਂਦੇ ਰਹਿਣਗੇ।