ਨਾਭਾ, ਜਗਨਾਰ ਸਿੰਘ ਦੁਲੱਦੀ : ਅੱਜ ਏਸ਼ੀਆ ਦੀ ਦੂਜੇ ਨੰਬਰ ਤੇ ਜਾਣੀ ਜਾਂਦੀ ਨਵੀਂ ਅਨਾਜ ਮੰਡੀ ਨਾਭਾ ਸਥਿਤ ਭਾਕਿਯੂ (ਰਾਜੇਵਾਲ) ਦੀ ਜ਼ਿਲ੍ਹਾ ਪੱਧਰੀ ਕਾਨਫ਼ਰੰਸ ਹੋਈ, ਜਿਸ ਵਿਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਵੱਲੋਂ ਵਿਸ਼ੇਸ਼ ਤੌਰ ' ਤੇ ਸ਼ਮੂਲੀਅਤ ਕਰਕੇ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ। ਪ੍ਰਧਾਨ ਰਾਜੇਵਾਲ ਨੇ ਕਿਹਾ ਕਿ ਅਸੀਂ ਇਕ ਮੁਹਿੰਮ ਚਲਾਈ ਹੈ ਜੋ ਸਾਰੇ ਪੰਜਾਬ ਵਿਚ ਮੀਟਿੰਗਾਂ ਕਰ ਰਹੇ ਹਾਂ, ਕਿਉਂਕਿ ਦਿਨੋਂ ਦਿਨ ਪਾਣੀ ਦਾ ਮਿਆਰ ਹੇਠਾਂ ਡਿੱਗਦਾ ਜਾ ਆ ਰਹੀ ਹੈ ਅਤੇ ਗਲੋਬਲ ਵਾਰਮਿੰਗ ਦੇ ਕਾਰਨ ਗਰਮੀ ਵੀ ਵੱਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰ ਰਿਹਾ ਹੈ ਕਿ ਪਿੰਡਾਂ ਵਿੱਚ ਆਪਣੇ ਮੋਟਰਾਂ ਦੇ ਆਲੇ ਦੁਆਲੇ ਟੋਏ ਪੁੱਟ ਲਵੋ ਤੇ ਉਥੇ ਦਸ ਦਸ ਬੂਟੇ ਲਗਾਓ ਤੇ ਜੁਲਾਈ ਦੇ ਮਹੀਨੇ ਵਿੱਚ ਅਸੀਂ ਚੰਡੀਗੜ੍ਹ ਜਾ ਕੇ ਪਾਣੀ ਦੇ ਮੁੱਦਿਆਂ ਦੇ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਮਿਲਕੇ ਨੋਟਿਸ ਦੇਵਾਂਗੇ।
ਪੰਜਾਬ ਦੀਆਂ 23 ਕਿਸਾਨ ਜਥੇਬੰਦਿਆਂ ਵੱਲੋਂ ਪੰਜਾਬ ਸਰਕਾਰ ਨਾਲ ਕੀਤੀ ਮੀਟਿੰਗ ਬੇਸਿੱਟਾ ਰਹੀ ਦੇ ਸੰਬੰਧ ਵਿਚ ਪ੍ਰਧਾਨ ਰਾਜੇਵਾਲ ਨੇ ਕਿਹਾ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਮੀਟਿੰਗ ਬੇਸਿੱਟਾ ਨਿਕਲੇਗੀ ਕਿਉਂਕਿ ਮੁੱਖ ਮੰਤਰੀ ਦੇ ਕੋਲ ਕੁਝ ਨਹੀਂ ਅਤੇ ਜੋ ਮੁੱਖ ਮੰਤਰੀ ਨੂੰ ਅਫ਼ਸਰ ਕਹਿੰਦੇ ਹਨ ਉਹ ਹੀ ਕੁਝ ਮੁੱਖ ਮੰਤਰੀ ਕਰਦਾ ਹੈ। ਜਦੋਂ ਬਲਬੀਰ ਸਿੰਘ ਰਾਜੇਵਾਲ ਨੂੰ ਚੰਡੀਗੜ੍ਹ ' ਚ ਹੋਏ ਅੱਜ ਕਿਸਾਨਾਂ ਦੇ ਇਕੱਠ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ। ਜਦੋਂ ਰਾਜੇਵਾਲ ਨੂੰ ਪੁੱਛਿਆ ਗਿਆ ਕਿ ਤੁਸੀਂ ਚੰਡੀਗੜ੍ਹ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਹਿੱਸਾ ਕਿਉਂ ਨਹੀਂ ਲੈ ਰਹੇ ਤਾਂ ਰਾਜੇਵਾਲ ਨੇ ਕਿਹਾ ਕਿ ਮੈਂ ਇਸ ਬਾਰੇ ਕੁਝ ਨਹੀਂ ਕਹਾਂਗਾ। ਜਦੋਂ ਰਾਜੇਵਾਲ ਨੂੰ ਪੁੱਛਿਆ ਕਿ ਤੁਸੀਂ ਵੀ ਸੀਐੱਮ ਕੋਲ ਕਿਸਾਨਾਂ ਦੇ ਮੁੱਦਿਆਂ ਲਈ ਗੱਲਬਾਤ ਕਰਨ ਲਈ ਜਾਉਗੇ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਸੀਐਮ ਬੁਲਾਉਣਗੇ ਤਾਂ ਮੈਂ ਜ਼ਰੂਰ ਜਾਵਾਂਗਾ।
ਰਾਜੇਵਾਲ ਨੇ ਕਿਹਾ ਕਿ ਜੋ ਅਸੀਂ ਬੂਟੇ ਲਗਾਉਣ ਦੀ ਕੰਪੇਨ ਸ਼ੁਰੂ ਕਰਾਂਗੇ ਉਸ ਵਿੱਚ ਪੰਜਾਬ ਸਰਕਾਰ ਦਾ ਕੋਈ ਵੀ ਹਿੱਸਾ ਨਹੀਂ ਹੈ ਉਹ ਸਭ ਕੁਝ ਅਸੀਂ ਆਪਣੇ ਪੱਧਰ ਤੇ ਕਰਾਂਗੇ। ਉਨ੍ਹਾਂ ਕਿਹਾ ਕਿ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਪਰ ਕਿਸੇ ਨੇ ਵੀ ਇਸ ਸਬੰਧ ਵਿਚ ਕੋਈ ਚਿੰਤਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕਿਤੇ ਵੀ ਸੜਕਾਂ ' ਤੇ ਦਰੱਖਤ ਨਹੀਂ ਰਹੇ ਸਾਰਰ ਹੀ ਦਰੱਖਤ ਪੁੱਟ ਦਿੱਤੇ ਗਏ ਅਤੇ ਜੋ ਗਲੋਬਲ ਵਾਰਮਿੰਗ ਹੋ ਰਹੀ ਹੈ ਇਹ ਹੁਣ ਉਸ ਦਾ ਨਤੀਜਾ ਹੈ। ਪ੍ਰਧਾਨ ਰਾਜੇਵਾਲ ਨੇ ਕਿਹਾ ਕਿ ਇਹ ਸਾਰਿਆਂ ਦਾ ਫਰਜ਼ ਹੈ ਸ਼ਹਿਰੀ ਹੋਵੇ ਚ ਪਿੰਡਾਂ ਦੇ ਵਾਸੀ ਹਰ ਇਕ ਘਰ ਦੇ ਵਿਚ ਬੂਟੇ ਲਗਾਉਣੇ ਜ਼ਰੂਰੀ ਹਨ। ਸਿੱਧੀ ਬਿਜਾਈ ਨੂੰ ਲੈ ਕੇ ਰਾਜੇਵਾਲ ਨੇ ਕਿਹਾ ਕਿ ਸਿੱਧੀ ਬਿਜਾਈ ਕੋਈ ਹੱਲ ਨਹੀਂ ਹੈ ਕਿਉਂਕਿ ਜੋ ਖੇਤੀਬਾੜੀ ਮਾਹਿਰ ਬੈਠੇ ਹਨ ਪਹਿਲਾਂ ਉਹ ਜ਼ਮੀਨੀ ਪੱਧਰ ਤੇ ਉਹ ਖੇਤੀ ਕਰਨ ਤਾਂ ਹੀ ਉਸ ਦਾ ਨਤੀਜਾ ਮਿਲੇਗਾ ਅਤੇ ਜੋ ਪੰਦਰਾਂ ਸੌ ਪ੍ਰਤੀ ਏਕੜ ਸਰਕਾਰ ਕਿਸਾਨਾਂ ਨੂੰ ਸਿੱਧੀ ਬਿਜਾਈ ਦਾ ਦੇਣ ਜਾ ਰਿਹੈ ਇਸ ਦਾ ਕੋਈ ਲਾਭ ਨਹੀਂ ਹੋਣਾ ਕਿਉਂਕਿ ਸਿੱਧੀ ਬਿਜਾਈ ਦਾ ਤਜਰਬਾ ਸਫ਼ਲ ਨਹੀਂ ਹੋਣਾ।
ਬਿਜਲੀ ਸੰਕਟ ' ਤੇ ਰਾਜੇਵਾਲ ਨੇ ਕਿਹਾ ਕਿ ਜੇਕਰ ਬਿਜਲੀ ਸੰਕਟ ਪੈਦਾ ਹੁੰਦਾ ਹੈ ਉਹ ਨੈਸ਼ਨਲ ਗਰਿੱਡ ਤੋਂ ਬਿਜਲੀ ਕਿਉਂ ਨਹੀਂ ਲੈਂਦੇ ਉਨ੍ਹਾਂ ਨੂੰ ਨੈਸ਼ਨਲ ਗਰਿੱਡ ਤੋਂ ਬਿਜਲੀ ਲੈਣੀ ਚਾਹੀਦੀ ਹੈ। ਅੱਜ ਹੋਈ ਜ਼ਿਲ੍ਹਾ ਪੱਧਰੀ ਕਾਨਫ਼ਰੰਸ ਵਿੱਚ ਸੂਬਾਈ ਆਗੂ ਨੇਕ ਸਿੰਘ ਖੋਖ, ਜਤਿੰਦਰ ਸਿੰਘ ਜੱਤੀ ਅਭੇਪੁਰ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਨਾਭਾ, ਬਲਾਕ ਪ੍ਰਧਾਨ ਅਵਤਾਰ ਸਿੰਘ ਕੈਦੂਪੁਰ, ਸੂਬਾਈ ਆਗੂ ਘੁੰਮਣ ਸਿੰਘ ਰਾਜਗੜ੍ਹ, ਜਗਜੀਤ ਸਿੰਘ ਮੋਹਲਗੁਆਰਾ, ਬਲਦੇਵ ਸਿੰਘ ਮੀਆਂਪੁਰ,ਲਾਭ ਸਿੰਘ ਦਿੱਤੂਪੁਰ, ਭੁਪਿੰਦਰ ਸਿੰਘ ਭੁੰਨਰਹੇਡ਼ੀ,ਪ੍ਰੀਤਮ ਸਿੰਘ ਭੇਡਪੁਰਾ,ਦੀਦਾਰ ਸਿੰਘ ਥੂਹੀ,ਅਵਤਾਰ ਸਿੰਘ ਪੇਦਨ,ਗੁਲਜ਼ਾਰ ਸਿੰਘ ਸੂਬਾ ਖਜ਼ਾਨਚੀ,ਹਰਵਿੰਦਰ ਸਿੰਘ ਘਨੌਰ ,ਹਰਦੀਪ ਸਿੰਘ ਘਨੁੜਕੀ ਆਦਿ ਤੋਂ ਇਲਾਵਾ ਵੱਡੀ ਗਿਣਤੀ ' ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ।