ਐੱਚਐੱਸ ਸੈਣੀ, ਰਾਜਪੁਰਾ : ਪੱਤਰਕਾਰ ਰਮੇਸ਼ ਸ਼ਰਮਾ ਵੱਲੋਂ ਖ਼ੁਦਕੁਸ਼ੀ ਦੇ ਮਾਮਲੇ ’ਚ ਨਾਮਜ਼ਦ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਾਊਂ ਜ਼ਮਾਨਤ ਹਾਈ ਕੋਰਟ ’ਚ ਮਨਜ਼ੂਰ ਹੋਣ ਤੋਂ ਬਾਅਦ ਵਿਦੇਸ਼ ਤੋਂ ਪਰਤਣ ਉਪਰੰਤ ਦੇਰ ਰਾਤ ਥਾਣਾ ਸਿਟੀ ਰਾਜਪੁਰਾ ਵਿਖੇ ਜਾਂਚ ’ਚ ਸ਼ਾਮਲ ਹੋਣ ਲਈ ਸਿਟੀ ਥਾਣਾ ਪੁੱਜੇ। ਦੇਰ ਰਾਤ ਥਾਣਾ ਸਿਟੀ ਐੱਸਐੱਚਓ ਦੇ ਮੌਕੇ ’ਤੇ ਹਾਜ਼ਰ ਨਾ ਹੋਣ ਕਾਰਨ ਮੰਗਲਵਾਰ ਨੂੰ ਦੁਪਹਿਰ ਸਮੇਂ ਮੁੜ ਤੋਂ ਸੀਨੀਅਰ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਨਾਲ ਹਾਜ਼ਰੀ ਲਗਵਾਉਣ ਲਈ ਪਹੁੰਚੇ ਪਰ ਫਿਰ ਥਾਣਾ ਸਿਟੀ ਐੱਸਐੱਚਓ ਮੌਕੇ ’ਤੇ ਨਾ ਮਿਲ ਸਕੇ।
ਜਾਣਕਾਰੀ ਦਿੰਦਿਆਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਉਨ੍ਹਾਂ ’ਤੇ ਦਰਜ ਕੇਸ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 23 ਜਨਵਰੀ ਨੂੰ ਜ਼ਮਾਨਤ ਮਨਜ਼ੂਰ ਹੋਣ ’ਤੇ 15 ਦਿਨਾਂ ’ਚ ਹਾਜ਼ਰ ਹੋ ਕੇ ਸਬੰਧਤ ਕੇਸ ਦੀ ਜਾਂਚ ’ਚ ਸਹਿਯੋਗ ਕਰਨ ਦੇ ਹੁਕਮ ਦਿੱਤੇ ਸਨ। 30 ਜਨਵਰੀ ਨੂੰ ਬਾਅਦ ਦੁਪਹਿਰ ਜਦੋਂ ਉਹ ਦਿੱਲੀ ਹਵਾਈ ਅੱਡੇ ’ਤੇੇ ਪਹੁੰਚੇ ਤਾਂ ਉਨ੍ਹਾਂ ਨੇ ਆਪਣੇ ਮੋਬਾਈਲ ਰਾਹੀਂ ਥਾਣਾ ਸਿਟੀ ਐੱਸਐੱਚਓ ਨੂੰ ਸੰਦੇਸ਼ ਭੇਜ ਦਿੱਤਾ ਸੀ। ਦੇਰ ਰਾਤ ਜਦੋਂ ਥਾਣਾ ਸਿਟੀ ਪਹੁੰਚੇੇ ਤਾਂ ਥਾਣਾ ਅਫ਼ਸਰ ਦੇ ਨਾ ਮਿਲਣ ਕਰਕੇ ਮੰਗਲਵਾਰ ਮੁੜ ਦੁਪਹਿਰ ਸਮੇਂ ਥਾਣਾ ਸਿਟੀ ਵਿਖੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਹਲਕਾ ਸਨੌਰ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ, ਸਾਬਕਾ ਵਿਧਾਇਕ ਕਾਕਾ ਰਜਿੰਦਰ ਸਿੰਘ, ਸਾਬਕਾ ਮੇਅਰ ਪਟਿਆਲਾ ਵਿਸ਼ਨੂੰ ਸ਼ਰਮਾ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਸਾਬਕਾ ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ, ਐਡਵੋਕੇਟ ਅਭਿਨਵ ਓਬਰਾਏ, ਸੀਨੀਅਰ ਐਡਵੋਕੇਟ ਸੁਰਿੰਦਰ ਕੌਂਸਲ ਦੇ ਨਾਲ ਸਬੰਧਤ ਕੇਸ ਦੀ ਜਾਂਚ ’ਚ ਸ਼ਾਮਲ ਹੋਣ ਲਈ ਪਹੁੰਚੇੇ। ਉਨ੍ਹਾਂ ਦੇ ਵਕੀਲ ਵੱਲੋਂ ਥਾਣਾ ਸਿਟੀ ਵਿਖੇ ਐੱਸਐੱਚਓ ਇੰਸਪੈਕਟਰ ਰਾਕੇਸ਼ ਕੁਮਾਰ ਦੇ ਹਾਜ਼ਰ ਨਾ ਹੋਣ ਕਰਕੇ ਹੋਰਨਾਂ ਪੁਲਿਸ ਅਧਿਕਾਰੀਆਂ ਨੂੰ ਆਪਣੇ ਕਾਗ਼ਜ਼ਾਤ ਪੇਸ਼ ਕਰ ਦਿੱਤੇ ਹਨ। ਉਨ੍ਹਾਂ ਨੂੰ ਅਦਾਲਤ ’ਤੇ ਪੂਰਨ ਭਰੋਸਾ ਹੈ।
ਸੀਨੀਅਰ ਵਕੀਲ ਸੁਰਿੰਦਰ ਕੌਂਸਲ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਮੁਤਾਬਿਕ ਸਾਬਕਾ ਵਿਧਾਇਕ ਕੰਬੋਜ ਵੱਲੋਂ ਜਾਂਚ ’ਚ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਹਾਜ਼ਰੀ ਲਗਵਾ ਦਿੱਤੀ ਗਈ ਹੈ।
ਇਸ ਸਬੰਧੀ ਥਾਣਾ ਸਿਟੀ ਦੇ ਏਐੱਸਆਈ ਸੁਰਜੀਤ ਸਿੰਘ ਨੇ ਕਿਹਾ ਕਿ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰੰਬੋਜ ਦਰਜ ਪੁਲਿਸ ਕੇਸ ਨਾਲ ਸਬੰਧਿਤ ਦਸਤਾਵੇਜ਼ ਦੇਣ ਲਈ ਪਹੁੰਚੇ ਸਨ ਜਦਕਿ ਸਾਰੇ ਕਾਗ਼ਜ਼ ਉਨ੍ਹਾਂ ਕੋਲ ਪਹਿਲਾਂ ਹੀ ਪਹੁੰਚੇ ਹੋਏ ਹਨ। ਇਹ ਤਫ਼ਤੀਸ਼ੀ ਅਫ਼ਸਰ ਨੇ ਜੁਆਇਨ ਕਰਵਾਉਣੀ ਹੁੰਦੀ ਹੈ ਜਦਕਿ ਇਸ ਕੇਸ ਦੇ ਤਫ਼ਤੀਸ਼ੀ ਅਫ਼ਸਰ ਥਾਣਾ ਸਿਟੀ ਐੱਸਐੱਚਓ ਇੰਸਪੈਕਟਰ ਰਾਕੇਸ਼ ਕੁਮਾਰ ਕਿਸੇ ਕੇਸ ਦੇ ਸਬੰਧ ’ਚ ਚੰਡੀਗੜ੍ਹ ਗਏ ਹੋਏ ਹਨ। ਹੁਣ ਤਫ਼ਤੀਸ਼ੀ ਅਫ਼ਸਰ ਦੁਆਰਾ ਨੋਟਿਸ ਭੇਜਣ ਤੋਂ ਬਾਅਦ ਹੀ ਵਿਧਾਇਕ ਕੰਬੋਜ ਥਾਣਾ ਸਿਟੀ ਵਿਖੇ ਜਾਂਚ ’ਚ ਹਾਜ਼ਰੀ ਲਗਵਾ ਸਕਦੇ ਹਨ।