ਨਵਦੀਪ ਢੀਂਗਰਾ, ਪਟਿਆਲਾ : ਵਿੱਤੀ ਸੰਕਟ ਝੱਲ ਰਹੀ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਮਿਲੀ। ਆਰਥਿਕਤਾ ਦੇ ਭੰਨੇ ਮੁਲਾਜ਼ਮਾਂ ਨੇ ਬੁੱਧਵਾਰ ਨੂੰ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨਾ ਦੇ ਦਿੱਤਾ। ਇਸ ਦੌਰਾਨ ਵੀਸੀ ਵੱਲੋਂ ਤਸੱਲੀਬਖਸ਼ ਜਵਾਬ ਨਾ ਮਿਲਦਾ ਵੇਖ ਯੂਨੀਅਨ ਪ੍ਰਧਾਨ ਨੇ ਦੋ ਟੁੱਕ ਕਹਿ ਦਿੱਤਾ ‘‘ਵਾਈਸ ਚਾਂਸਲਰ ਸਾਹਿਬ ਜੇ ਸਰਕਾਰ ਤੁਹਾਡੀ ਨਹੀਂ ਸੁਣਦੀ ਤਾਂ ਤੁਸੀਂ ਅਸਤੀਫ਼ਾ ਦੇ ਕੇ ਜਾ ਸਕਦੇ ਹੋ।’’
ਜਾਣਕਾਰੀ ਅਨੁਸਾਰ ਬੀ ਤੇ ਸੀ ਕਲਾਸ ਕਰਮਚਾਰੀ ਯੂਨੀਅਨ ਵੱਲੋਂ ਫਰਵਰੀ ਮਹੀਨੇ ਦੀ ਤਨਖ਼ਾਹ ਪਵਾਉਣ ਲਈ 20 ਮਾਰਚ ਨੂੰ ਅਥਾਰਟੀ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਪਰ 22 ਮਾਰਚ ਤੱਕ ਤਨਖਾਹ ਨਾ ਮਿਲੀ ਤਾਂ ਯੂਨੀਅਨ ਵੱਲੋਂ ਧਰਨੇ ਦਾ ਸੱਦਾ ਦਿੱਤਾ ਗਿਆ। ਪ੍ਰਧਾਨ ਰਾਜਿੰਦਰ ਸਿੰਘ ਬਾਗੜੀ ਤੇ ਜਨਰਲ ਸਕੱਤਰ ਅਮਰਜੀਤ ਕੌਰ ਨੇ ਕਿਹਾ ਕਿ ਕਰਮਚਾਰੀਆਂ ਵੱਲੋਂ ਸ਼ਾਂਤਮਈ ਢੰਗ ਨਾਲ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ। ਇਸੇ ਦੌਰਾਨ ਮੌਕੇ ’ਤੇ ਪੁੱਜੇ ਵਾਈਸ ਚਾਂਸਲਰ ਨੇ ਧਰਨਾਕਾਰੀਆਂ ਨੂੰ ਗ਼ੈਰ-ਹਾਜ਼ਰ ਕਰਨ ਦੀ ਧਮਕੀ ਦਿੱਤੀ। ਕਰਮਚਾਰੀਆਂ ਨੂੰ ਦਬਾਉਣ ਲਈ ’ਵਰਸਿਟੀ ਦੇ ਸੁਰੱਖਿਆ ਮੁਲਾਜ਼ਮ ਹੋਣ ਦੇ ਬਾਵਜੂਦ ਪੁਲਿਸ ਫੋਰਸ ਵੀ ਸੱਦੀ ਗਈ। ਭੜਕੇ ਮੁਲਾਜ਼ਮਾਂ ਨੇ ਤਨਖ਼ਾਹ ਮਿਲਣ ਤੱਕ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ।
ਯੂਨੀਅਨ ਆਗੂਆਂ ਨੇ ਕਿਹਾ ਕਿ 70 ਪ੍ਰਤੀਸ਼ਤ ਮੁਲਾਜ਼ਮ ਸਿਰਫ਼ ਤੇ ਸਿਰਫ਼ ਤਨਖ਼ਾਹ ’ਤੇ ਨਿਰਭਰ ਹਨ, ਤਿੰਨ ਮਹੀਨੇ ਹੋ ਗਏ ਤਨਖ਼ਾਹ ਨਹੀਂ ਮਿਲੀ। ਤਿੰਨ ਮਹੀਨੇ ਬਾਅਦ ਇਕ ਤਨਖ਼ਾਹ ਪੈਂਦੀ ਹੈ ਤਾਂ ਉਹ ਸਾਰੇ ਹੀ ਕਰਜ਼ੇ ਦੀ ਕਿਸ਼ਤ ਵਿਚ ਕੱਟੀ ਜਾਂਦੀ ਹੈ ਅਤੇ ਘਰ ਦਾ ਰਾਸ਼ਨ ਪਾਣੀ ਚਲਾਉਣ ਲਈ ਫਿਰ ਕਰਜ਼ਾ ਹੀ ਲੈਣਾ ਪੈ ਰਿਹਾ ਹੈ। ਜਵਾਬ ਵਿਚ ਵਾਈਸ ਚਾਂਸਲਰ ਨੇ ਜਲਦ ਤਨਖਾਹ ਦੇਣ ਦਾ ਭਰੋਸਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੁਲਾਜ਼ਮਾਂ ਨੇ ਉਨਾਂ ਨੂੰ ਸਰਕਾਰ ਕੋਲ ਸੁਣਵਾਈ ਨਾ ਹੋਣ ’ਤੇ ਅਸਤੀਫ਼ਾ ਦੇੇਣ ਦੀ ਗੱਲ ਕਹਿ ਦਿੱਤੀ। ਮੁਲਾਜ਼ਮਾਂ ਨੇ ਕਿਹਾ ਕਿ ਵਾਈਸ ਚਾਂਸਲਰ ਪਰਿਵਾਰ ਦੇ ਮੁਖੀ ਹਨ ਤੇ ਸਾਰਿਆਂ ਦੀ ਸਮੱਸਿਆ ਦਾ ਹੱਲ ਕਰਨਾ ਉਨਾਂ ਦਾ ਫਰਜ਼ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਸਿਰਫ਼ ਇਕ ਮਹੀਨੇ ਦੀ ਤਨਖਾਹ ਬਕਾਇਆ ਹੈ ਜੋ ਜਲਦ ਅਦਾ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪਣੀ ਗੱਲ ਰੱਖਣ, ਧਰਨਾ ਲਾਉਣਾ ਮੁਲਾਜ਼ਮਾਂ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਚਾਹੀਦਾ ਸੀ ਕਿ ਸਮਾਂ ਲੈ ਕ ਮਿਲਦੇ ਤਾਂ ਬੈਠ ਕੇ ਵੀ ਗੱਲਬਾਤ ਕਰ ਸਕਦੇ ਸੀ।