ਵਿਧਾਇਕ ਨੇ ਪਿੰਡ ਰਾਜਲਾ 'ਚ ਕੀਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ
ਭਾਰਤ ਭੂਸ਼ਣ ਗੋਇਲ, ਸਮਾਣਾ : ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ 'ਤੇ ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਨੂੰ ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟੇ੍ਟ ਸਮਾਣਾ ਨੇ 'ਕਾਰਨ ਦੱਸੋ' ਜਾਰੀ ਕੀਤਾ ਹੈ। ਹਲਕਾ ਵਿਧਾਇਕ ਰਾਜਿੰਦਰ ਸਿੰਘ ਦੀ ਆਮਦ 'ਤੇ ਵੀਰਵਾਰ ਨੂੰ ਹਲਕੇ ਦੇ ਪਿੰਡ ਰਾਜਲਾ ਵਿਖੇ ਪਿੰਡ ਵਾਸੀਆਂ ਵੱਲੋਂ ਇਕ ਸਮਾਗਮ ਕਰਵਾਇਆ ਗਿਆ ਸੀ। ਇਸ ਦੌਰਾਨ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਾਜਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਪਿੰਡ 'ਚ ਕਰਵਾਏ ਵਿਕਾਸ ਕਾਰਜਾਂ ਸਮੇਤ ਉਨਾਂ੍ਹ ਦੀ ਸਰਕਾਰ ਵੱਲੋਂ ਚੌੜੀਆਂ ਕੀਤੀਆਂ ਸੜਕਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਉਨਾਂ੍ਹ ਪਿੰਡ 'ਚ ਕਰੀਬ ਦੋ ਦਰਜਨ ਲੜਕੀਆਂ ਜਿਨਾਂ੍ਹ ਦੀ ਪਹਿਲੀ ਲੋਹੜੀ ਸੀ, ਦਾ ਉਤਸਵ ਮਨਾਇਆ। ਇਸ ਦੌਰਾਨ ਵਿਧਾਇਕ ਰਾਜਿੰਦਰ ਸਿੰਘ ਨੇ ਚੋਣ ਜ਼ਾਬਤੇ ਦੀ ਪ੍ਰਵਾਹ ਨਾ ਕਰਦਿਆਂ ਪੋ੍ਗਰਾਮ ਦੌਰਾਨ ਹਰੇਕ ਲੜਕੀ ਨੂੰ ਸ਼ਗਨ ਦੇ ਰੂਪ 'ਚ ਨਗਦ ਰਾਸ਼ੀ, ਗਰਮ ਕੰਬਲ ਤੇ ਮਿਠਾਈ ਆਦਿ ਦੇ ਕੇ ਬੱਚਿਆਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ। ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਤੇ ਹੋਰ ਆਗੂਆਂ ਨੇ 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਇਸ ਸਬੰਧੀ ਰਿਟਰਨਿੰਗ ਅਫਸਰ -ਕਮ- ਉਪ ਮੰਡਲ ਮੈਜਿਸਟੇ੍ਟ ਸਮਾਣਾ ਨੇ ਹਲਕਾ ਵਿਧਾਇਕ ਰਾਜਿੰਦਰ ਸਿੰਘ ਨੂੰ ਪਿੰਡ ਰਾਜਲਾ ਤੇ ਬਦਨਪੁਰ ਵਿਖੇ ਟੈਂਟ ਲਗਾਅ ਕੇ ਰੈਲੀਆਂ ਕਰਨ ਅਤੇ ਲੋਕਾਂ ਨੂੰ ਸੰਬੋਧਨ ਕਰਨ ਦੇ ਦੋਸ਼ ਹੇਠ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਤਹਿਤ 'ਕਾਰਨ ਦੱਸੋ' ਨੋਟਿਸ ਜਾਰੀ ਕਰਕੇ 24 ਘੰਟਿਆਂ ਅੰਦਰ ਜਵਾਬ ਮੰਗਿਆ ਹੈ। ਇਸ ਦੀ ਸੂਚਨਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਤੇ ਡੀਐੱਸਪੀ ਸਮਾਣਾ ਨੂੰ ਵੀ ਲੋੜੀਂਦੀ ਕਾਰਵਾਈ ਕਰਨ ਹਿੱਤ ਦੇ ਦਿੱਤੀ ਗਈ ਹੈ। ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ, ਸੋਨੀ ਸਿੰਘ ਦਾਨੀਪੁਰ, ਕਸ਼ਮੀਰ ਸਿੰਘ, ਯਾਦਵਿੰਦਰ ਸਿੰਘ ਧਨੌਰੀ, ਰਵੀ ਹੰਜਰਾ, ਨਿਸ਼ਾਨ ਵਿਰਕ, ਸੋਨੂੰ ਢੋਟ, ਕਰਨਪਾਲ ਸਿੰਘ, ਮਲਕ ਸੰਧੂ, ਸੁਖਵਿੰਦਰ ਸਿੰਘ, ਜਗਰੂਪ ਸਿੰਘ ਤੇ ਫਤਿਹ ਸੰਧੂ ਆਦਿ ਹਾਜ਼ਰ ਸਨ।
ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜਦੇ ਹੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸਿਆਸੀ ਪਾਰਟੀਆਂ ਦੇ ਉਮੀਦਵਾਰ ਪੰਜ ਵਿਅਕਤੀਆਂ ਤੋਂ ਵੱਧ ਇਕੱਠ, ਰੈਲੀ ਤੇ ਰੋਡ ਮਾਰਚ ਆਦਿ ਨਹੀ ਕਰ ਸਕਦੇ। ਇਸ ਤਰ੍ਹਾਂ ਰੈਲੀ, ਰੋਡ ਮਾਰਚ ਆਦਿ ਕਰਨ 'ਤੇ ਸਿੱਧੇ ਤੌਰ 'ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੈ ਪਰ ਇੱਥੇ ਮੌਜੂਦਾ ਵਿਧਾਇਕ ਵੱਲੋਂ ਹੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਿਛੱਕੇ ਟੰਗ ਕੇ ਵੱਡੀਆਂ ਮੀਟਿੰਗਾਂ ਕਰਦਿਆਂ ਖੁੱਲ੍ਹ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।