ਅਸ਼ਵਿੰਦਰ ਸਿੰਘ, ਬਨੂੜ : ਸ਼ਹਿਰ ਦੇ ਮੁੱਖ ਮਾਰਗ ' ਤੇ ਸਥਿਤ ਲਵਲੀ ਢਾਬੇ ਕੋਲ ਅੱਜ ਸਵੇਰੇ ਚਿਤਕਾਰਾ ਕਾਲਜ਼ ਦੀ ਬੱਸ ਤੇ ਮੋਟਰਸਾਈਕਲ ਦਰਮਿਆਨ ਹੋਏ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਕੇ ' ਤੇ ਹੀ ਮੌਤ ਹੋ ਗਈ ਜਦੋਂ ਕਿ ਦੂਜਾ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਿਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆਗਿਆ। ਜਿਥੇ ਉਹ ਜ਼ਿੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ। ਮੋਟਰਸਾਈਕਲ ਸਵਾਰ ਦੋਨੋਂ ਨੌਜਵਾਨ ਬਨੂੜ ਸ਼ਹਿਰ ਦੇ ਰਹਿਣ ਵਾਲੇ ਸਨ ਤੇ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀ ਸਨ।
ਜਾਣਕਾਰੀ ਅਨੁਸਾਰ ਅੱਜ ਸਵੇਰੇ 9 ਵਜੇ ਦੇ ਕਰੀਬ ਬਨੂੜ ਸ਼ਹਿਰ ਦੇ ਰਹਿਣ ਵਾਲੇ ਦੋ ਨੌਜਵਾਨ ਅਰਸ਼ਿਤ ਜੈਨ ਪੁੱਤਰ ਮੁਨੀਸ਼ ਜੈਨ (20) ਅਤੇ ਭਵਦੀਪ ਕੌਂਸ਼ਲ ਪੁੱਤਰ ਨਰਿੰਦਰ ਕੌਂਸਲ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਯੂਨੀਵਰਸਿਟੀ ਜਾ ਰਹੇ ਸਨ। ਜਦੋਂ ਉਹ ਪਿੰਡ ਜੰਗਪੁਰਾ ਨੇੜੇ ਸਥਿਤ ਲਵਲੀ ਢਾਬੇ ਕੋਲ ਪੁੱਜੇ ਤਾਂ ਪਿਛੋਂ ਆ ਰਹੀ ਚਿਤਕਾਰਾ ਯੂਨੀਵਰਸਿਟੀ ਦੀ ਬੱਸ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਇਸ ਹਾਦਸੇ ਵਿਚ ਅਰਸ਼ਿਤ ਜੈਨ ਬੱਸ ਦੇ ਟਾਇਟ ਹੇਠਾਂ ਆ ਕੇ ਬੁਰੀ ਤਰ੍ਹਾਂ ਕੁਚਲਿਆ ਗਿਆ। ਇਸ ਹਾਦਸੇ ਸਬੰਧੀ ਬੱਸ ਚਾਲਕ ਨੂੰ ਕੁਝ ਪਤਾ ਨਾ ਲੱਗਾ ਤਾਂ ਉਹ ਬੱਸ ਨੂੰ ਆਪਣੀ ਸਪੀਡ ਵਿਚ ਭਜਾ ਕੇ ਲੈ ਗਿਆ। ਬੱਸ ਪਿਛੇ ਕਾਰ ਵਿਚ ਆ ਰਹੇ ਚਿਤਕਾਰਾ ਯੂਨੀਵਰਸਿਟੀ ਦੇ ਸਟਾਫ ਮੈਂਬਰਾਂ ਨੇ ਮੋਟਰਸਾਈਕਲਾਂ ਸਵਾਰਾਂ ਨੂੰ ਚੁੱਕ ਕੇ ਆਪਣੀ ਗੱਡੀ ਵਿਚ ਪਾ ਕੇ ਨੇੜੇ ਦੇ ਹਸਪਤਾਲ ਪਹੁੰਚਾਇਆ ਪਰ ਇਸ ਹਾਦਸੇ ਵਿਚ ਅਰਸ਼ਿਤ ਜੈਨ ਦੀ ਮੌਕੇ ' ਤੇ ਹੀ ਮੋਤ ਹੋ ਗਈ ਸੀ। ਦੋਨੋਂ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਤੇ ਆਲੇ ਦੁਆਲੇ ਦੇ ਦੁਕਾਨਦਾਰਾਂ ਨੂੰ ਜਦੋਂ ਹਾਦਸੇ ਦੀ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਘਟਨਾ ਸਥਾਨ ਤੇ ਪੁੱਜੇ। ਅਰਸ਼ਿਤ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਮੌਤ ਦਾ ਪਤਾ ਲੱਗਣ ' ਤੇ ਪਰਿਵਾਰ ਉੱਤੇ ਮੁਸਿਬਤਾਂ ਦਾ ਪਹਾੜ ਟੁੱਟ ਪਿਆ ਤੇ ਪਰਿਵਾਰਕ ਮੈਂਬਰ ਘਟਨਾ ਸਥਾਨ ' ਤੇ ਹੀ ਭੁਬਾ ਮਾਰ ਕੇ ਰੋਣ ਲੱਗ ਪਿਆ। ਮੌਕੇ ' ਤੇ ਪੁੱਜੇ ਏਐਸਆਈ ਗੁਰਜੀਤ ਸਿੰਘ ਨੇ ਮ੍ਰਿਤਕ ਅਰਸ਼ਿਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਡੇਰਾਬਸੀ ਦੇ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਹਰਸ਼ਿਤ ਜੈਨ ਬਹੁਤ ਹੀ ਮਿਠਬੋਲੜੇ ਤੇ ਹਸਮੁੱਖ ਸੁਭਾ ਦਾ ਮਾਲਕ ਸੀ। ਹਰਸ਼ਿਤ ਦੀ ਬੇਵਕਤੀ ਮੌਤ ਤੇ ਪੂਰੇ ਸ਼ਹਿਰ ਵਿਚ ਸੋਗ ਪਾਇਆ ਜਾ ਰਿਹਾ ਹੈ।