ਐਚ.ਐਸ. ਸੈਣੀ, ਰਾਜਪੁਰਾ : ਇਥੋਂ ਨੇੜਲੇ ਪਿੰਡ ਸ਼ੰਕਰਪੁਰ ਵਿਖੇ ਬੀਤੀ ਰਾਤ ਧਾਰਮਿਕ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਇਕ ਨੌਜਵਾਨ 'ਤੇ ਪੁਰਾਣੀ ਰੰਜ਼ਿਸ਼ ਤਹਿਤ ਗੋਲ਼ੀਆਂ ਚਲਾ ਦਿੱਤੀਆਂ ਜਿਸ 'ਤੇ ਥਾਣਾ ਸਦਰ ਪਟਿਆਲਾ ਪੁਲਿਸ ਨੇ ਉਕਤ ਮਾਮਲੇ 'ਚ ਅੱਧਾ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ ਧਾਰਾ 307 ਸਣੇ ਆਰਮਜ਼ ਐਕਟ ਅਤੇ ਹੋਰਨਾਂ ਧਰਾਵਾਂ ਸਮੇਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਜਗਮੀਤ ਸਿੰਘ (22) ਵਾਸੀ ਸ਼ੰਕਰਪੁਰ ਵੱਲੋਂ ਆਪਣੇ ਹੀ ਪਿੰਡ ਦੀ ਕੁੜੀ ਦੇ ਨਾਲ ਲਵ ਮੈਰਿਜ ਕਰਵਾ ਲਈ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਹਿਲਾਂ ਤਾਂ ਜਗਮੀਤ ਸਿੰਘ ਦੇ ਨਾਲ ਕਾਫੀ ਬਹਿਸਬਾਜ਼ੀ ਹੋਈ ਪਰ ਬਾਅਦ 'ਚ ਦੋਵੇਂ ਪਰਿਵਾਰਾਂ ਦਾ ਆਉਣ-ਜਾਣ ਸ਼ੁਰੂ ਹੋ ਗਿਆ। ਇਸੇ ਰੰਜ਼ਿਸ਼ ਦੇ ਚਲਦਿਆਂ ਜਦੋਂ ਪਿੰਡ ਸ਼ੰਕਰਪੁਰ ਵਿਖੇ ਬੀਤੀ ਰਾਤ ਸੰਤ ਬਾਬਾ ਕਸ਼ਮੀਰ ਸਿੰਘ ਅਲੋਹਰਾਂ ਵਾਲਿਆਂ ਦੇ ਦੀਵਾਨ ਚੱਲ ਰਹੇ ਸਨ। ਇਥੇ ਹਲਕਾ ਘਨੋਰ ਤੋਂ ਵਿਧਾਇਕ ਗੁਰਲਾਲ ਸਿੰਘ ਵੀ ਹਾਜ਼ਰ ਸਨ ਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਜਦੋਂ ਦੀਵਾਨ ਸਮਾਪਤ ਹੋਏ ਤਾਂ ਪੁਰਾਣੀ ਰੰਜ਼ਿਸ਼ ਦੇ ਚਲਦਿਆਂ ਅਮਰਜੀਤ ਸਿੰਘ ਵਾਸੀ ਸ਼ੰਕਰਪੁਰ, ਗੁਰਮੀਤ ਸਿੰਘ ਗੋਲਡੀ ਤੇ ਗੁਰਪ੍ਰੀਤ ਸਿੰਘ ਵਾਸੀ ਮੁਹੱਬਤਪੁਰ ਸਮੇਤ ਹੋਰਨਾ ਨੇ ਮੌਕੇ 'ਤੇ ਪਹੁੰਚ ਕੇ ਜਗਮੀਤ ਸਿੰਘ 'ਤੇ ਗੋਲੀ ਚਲਾਈ ਜੋ ਉਸ ਦੇ ਪੱਟ 'ਚ ਵੱਜੀ। ਗੋਲ਼ੀਆਂ ਦੀ ਅਵਾਜ਼ ਸੁਣਦੇ ਹੀ ਮੌਕੇ 'ਤੇ ਅਫਰਾ-ਤਫਰੀ ਮਚ ਗਈ। ਜਗਮੀਤ ਸਿੰਘ ਨੂੰ ਜ਼ਖ਼ਮੀ ਹਾਲਤ 'ਚ ਵਿਧਾਇਕ ਗੁਰਲਾਲ ਘਨੋਰ ਦੀ ਗੱਡੀ 'ਚ ਪਟਿਆਲਾ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ।
ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਵੱਲੋਂ ਪਿੰਡ ਦੀ ਕੁੜੀ ਦੇ ਨਾਲ ਹੀ ਕਰਵਾਈ ਗਈ ਲਵ ਮੈਰਿਜ ਦੇ ਚਲਦਿਆਂ ਉਸ ਵਿਰੁੱਧ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਨ। ਥਾਣਾ ਸਦਰ ਪਟਿਆਲਾ ਅਧੀਨ ਪੈਂਦੀ ਪੁਲਿਸ ਚੌਂਕੀ ਬਹਾਦਰਗੜ੍ਹ ਦੇ ਐੱਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਗਮੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਅਮਰਜੀਤ ਸਿੰਘ ਵਾਸੀ ਸ਼ੰਕਰਪੁਰ, ਗੁਰਮੀਤ ਸਿੰਘ ਗੋਲਡੀ ਤੇ ਗੁਰਪ੍ਰੀਤ ਸਿੰਘ ਵਾਸੀ ਮੁਹੱਬਤਪੁਰ ਸਮੇਤ ਅੱਧਾ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ ਧਾਰਾ 307, 323, 341, ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।