ਨਵਦੀਪ ਢੀਂਗਰਾ, ਪਟਿਆਲਾ : ਵਾਰਿਸ ਪੰਜਾਬ ਦੇ ਅੰਮ੍ਰਿਤਪਾਲ ਸਿੰਘ ਅਜੇ ਤਕ ਲਾਪਤਾ ਹੈ, ਇਕ ਤਾਜ਼ਾ ਸੀਸੀਟੀਵੀ ਫੁਟੇਜ ਵਿਚ ਉਸ ਨੂੰ 19 ਮਾਰਚ ਨੂੰ ਪਟਿਆਲਾ ਵਿਚ ਪੁਲਿਸ ਨੂੰ ਚਕਮਾ ਦੇਣ ਤੋਂ ਬਾਅਦ ਸੈਰ ਕਰਦਿਆਂ ਦੇਖਿਆ ਗਿਆ ਹੈ। ਇਸ ਮਾਮਲੇ ’ਤੇ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਚੁੱਪੀ ਵੱਟ ਲਈ ਹੈ ਤੇ ਵੀਡੀਓ ਦੀ ਅਧਿਕਾਰਤ ਪੁਸ਼ਟੀ ਕਰਨ ਤੋਂ ਟਾਲ਼ਾ ਵੱਟਿਆ ਜਾ ਰਿਹਾ। ਹਾਲਾਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਟੀਮ ਵੀ ਮੌਕੇ ਵਾਲੀ ਥਾਂ ’ਤੇ ਜਾਇਜ਼ਾ ਲੈਣ ਪੁੱਜੀ ਪਰ ਬਾਅਦ ’ਚ ਉਹ ਵੀ ਮੁੱਕਰ ਗਈ।
ਵਾਇਰਲ ਹੋਈ ਨਵੀਂ ਫੁਟੇਜ ਪਟਿਆਲਾ ਦੇ ਬਾਬਾ ਸ਼੍ਰੀ ਚੰਦ ਕਾਲੋਨੀ ਇਲਾਕੇ ਦੀ ਹੈ ਤੇ ਇਸ ਵਿਚ ਪਹਿਲਾਂ ਇਕ ਔਰਤ ਐਕਟਿਵਾ ’ਤੇ ਆਉਂਦੀ ਦਿਖਾਈ ਦਿੰਦੀ ਹੈ ਜੋ ਸਕੂਟਰੀ ਸੜਕ ’ਤੇ ਲਾ ਕੇ ਘਰ ’ਚ ਜਾਂਦੀ ਹੈ, ਜਿਸ ਦੀ ਛੱਤ ’ਤੇ ਨਿਸ਼ਾਨ ਸਾਹਿਬ ਵਾਲਾ ਝੰਡਾ ਲੱਗਾ ਹੋਇਆ। ਇਸੇ ਘਰ ’ਚੋਂ ਇਕ ਵਿਅਕਤੀ ਬਾਹਰ ਨਿਕਲਦਾ ਦਿਖਾਈ ਦਿੰਦਾ ਹੈ ਜਿਸ ਦੇ ਕਮੀਜ਼, ਪੈਂਟ, ਜੈਕਟ ਤੇ ਪੈਰੀਂ ਚੱਪਲਾਂ ਪਾ ਹੋਈਆਂ ਹਨ। ਵਿਅਕਤੀ ਦੇ ਜਾਣ ਤੋਂ ਕੁਝ ਸਕਿੰਟ ਬਾਅਦ ਹੀ ਔਰਤ ਘਰ ਨੂੰ ਕੁੰਡਾ ਲਾ ਸਕੂਟਰੀ ’ਤੇ ਚਲੀ ਜਾਂਦੀ ਹੈ। ਮੋਬਾਈਲ ’ਤੇ ਗੱਲਾਂ ਕਰਦਾ ਵਿਅਕਤੀ ਗਲੀ ਵਿਚ ਇਧਰ ਓਧਰ ਘੁੰਮ ਰਿਹਾ ਹੈ। ਪਟਿਆਲਾ ਦੇ ਸਰਹੰਦ ਰੋਡ ’ਤੇ ਸਥਿਤ ਬਾਬਾ ਸ਼੍ਰੀ ਚੰਦ ਕਾਲੋਨੀ ਦੀ ਵੀਡੀਓ ਵਿਚ ਦਿਸ ਰਹੇ ਵਿਅਕਤੀ ਦੇ ਅੰਮ੍ਰਿਤਪਾਲ ਸਿੰਘ ਦੀ 19 ਮਾਰਚ ਦੀ ਹੋਣ ਦੇ ਦਾਅਵਾ ਕੀਤਾ ਜਾ ਰਿਹਾ ਹੈ।
---
ਪੁਲਿਸ ਚੁੱਪ ਨੇ ਵਧਾਏ ਭੁਲੇਖੇ
ਪੁਲਿਸ ਵੱਲੋਂ ਤਾਜ਼ਾ ਵਾਇਰਲ ਵੀਡੀਓ ਸੱਚਾਈ ਨਾ ਦੱਸਣਾ ਵੀ ਭੁਲੇਖੇ ਪੈਦਾ ਕਰ ਰਹੀ ਹੈ। ਸ਼ਨਿਚਰਵਾਰ ਸਵੇਰੇ 10 ਵਜੇ ਤੋਂ ਪਟਿਆਲਾ ਦੀ ਵੀਡੀਓ ਵਾਇਰਲ ਹੋਣੀ ਸ਼ੁਰੂ ਹੋਈ ਪਰ ਦੇਰ ਸ਼ਾਮ ਤਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਸੱਚਾਈ ਲੋਕਾਂ ਦੇ ਸਾਹਮਣੇ ਨਾ ਰੱਖੀ। ਪਟਿਆਲਾ ਦੇ ਆਈ.ਜੀ ਮੁਖਵਿੰਰਦ ਸਿੰਘ ਛੀਨਾ ਤੇ ਐੱਸਐੱਸਪੀ ਵਰੁਣ ਸ਼ਰਮਾ ਨੂੰ ਕਈ ਵਾਰ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਨਾ ਚੁੱਕਿਆ।
---
ਅੰਮ੍ਰਿਤਪਾਲ ਦੇ ਹਮਾਇਤੀਆਂ ਤੋਂ ਨਹੀਂ ਹੋਈ ਪੁੱਛ-ਪੜਤਾਲ
ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰ ਰਹੇ ਨੌਜਵਾਨਾਂ ਨੂੰ ਰਿਹਾਅ ਕਰਨ ਤੋਂ ਬਾਅਦ ਪਟਿਆਲਾ ਪੁਲਿਸ ਨੇ ਕੋਈ ਪੁੱਛ-ਪੜਤਾਲ ਨਹੀਂ ਕੀਤੀ। ਅੰਮ੍ਰਿਤਪਾਲ ਸਿੰਘ ਫਰਵਰੀ ਮਹੀਨੇ ’ਚ ਪਟਿਆਲਾ ਦੇ ਰਾਜਪੁਰਾ ਰੋਡ ਸਥਿਤ, ਹੀਰਾ ਬਾਗ ਡੇਰੇ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਇਆ ਸੀ। ਦੂਜੇ ਪਾਸੇ ਅੰਮ੍ਰਿਤਪਾਲ ਦੇ ਕਾਨੂੰਨੀ ਸਲਾਹਕਾਰ ਸੀਨੀਅਰ ਐਡਵੋਕੇਟ ਇਮਾਮ ਸਿੰਘ ਖਾਰਾ ਨੇ ਇਸ ਕੇਸ ’ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਰਿਹਾਈ ਲਈ 16 ਜ਼ਿਲ੍ਹਿਆਂ ਦੀਆਂ ਟੀਮਾਂ ਗਠਨ ਕੀਤਾ ਹੈ। ਇਸ ਸੂਚੀ ’ਚ ਪਟਿਆਲਾ ਤੋਂ ਐਡਵੋਕੇਟ ਜਸਪ੍ਰੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।